ਵਿਦਿਆਰਥੀਆਂ ਨੂੰ ਦੱਸਿਆ ਤੰਦਰੁਸਤੀ ਦਾ ਮਹੱਤਵ
ਸਕੂਲੀ ਬੱਚਿਆਂ ਨੂੰ ਦੱਸੀਂ ਤੰਦਰੁਸਤੀ ਦੀ ਮਹੱਤਤਾ
Publish Date: Tue, 07 Apr 2026 05:40 PM (IST)
Updated Date: Wed, 08 Apr 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ ; ਵਿਸ਼ਵ ਸਿਹਤ ਦਿਵਸ ਮੌਕੇ ਪਿੰਡਾਂ ਵਿਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਕਰਮਚਾਰੀਆਂ ਵੱਲੋਂ ਵੱਖ ਵੱਖ ਸਿਹਤ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਸ਼ਹੀਦ ਜੈਲਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ਵਿਖੇ ਬੱਚਿਆਂ ਦੇ ਸਿਹਤ ਜਾਣਕਾਰੀ ਦੇ ਨਾਲ ਕੁਇੱਜ਼ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਏਮਜ ਬਠਿੰਡਾ ਤੋਂ ਡਾ. ਪ੍ਰਕਾਸ਼ ਨੇ ਕਿਹਾ ਕਿ ਅੱਜ ਦੇਸ਼ ਅਤੇ ਦੁਨੀਆਂ ’ਚ ਵੱਡੀ ਗਿਣਤੀ ਵਿਚ ਲੋਕ ਕਈ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਹਨ, ਜਿਸ ਵਿਚ ਮਲੇਰੀਆ, ਹੈਜਾ, ਤਪਦਿਕ, ਪੋਲੀਓ, ਕੈਂਸਰ ਅਤੇ ਏਡਜ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ’ਤੇ ਤੰਦਰੁਸਤ ਬਣਾਉਣ ਲਈ ਵਿਸ਼ਵ ਭਰ ਵਿਚ ਜਾਗਰੂਕ ਕਰਨਾ ਹੈ। ਅਜੋਕੇ ਜੀਵਨ ਦੀ ਭੱਜ-ਦੌੜ, ਪੈਕਟ ਫੂਡ ਪ੍ਰਤੀ ਰੁਝਾਨ, ਮਾਨਸਿਕ ਤਣਾਅ ਅਤੇ ਸਰੀਰਕ ਕਸਰਤ ਦੀ ਕਮੀ ਕਾਰਨ ਸਾਨੂੰ ਨਿੱਤ ਨਵੀਆਂ ਬੀਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿਚ ਸਾਨੂੰ ਆਪਣੇ ਕੁਦਰਤੀ ਵਰਤਾਰੇ ਨੂੰ ਸਾਫ ਸੁਥਰਾ ਰੱਖਣ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਲੋੜ ਹੈ। ਬਲਾਕ ਐਜੂਕੇਟਰ ਸਾਹਿਲ ਪੁਰੀ ਤੇ ਪਰਮਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 10 ਵਿੱਚੋਂ 9 ਲੋਕ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਰਹੇ ਹਨ, ਇਸ ਲਈ ਜੈਵਿਕ ਬਾਲਣ ਜਿਵੇਂ ਤੇਲ, ਕੋਲਾ, ਕੁਦਰਤੀ ਗੈਸ ਅਤੇ ਫ਼ਸਲੀ ਰਹਿੰਦ- ਖੂੰਹਦ ਨੂੰ ਜਲਾਉਣਾ ਬੰਦ ਕਰਨਾ ਚਾਹੀਦਾ ਹੈ। ਹਰ ਵਿਅਕਤੀ ਨੂੰ ਰੋਜ਼ਾਨਾ 30 ਮਿੰਟ ਕਸਰਤ ਅਤੇ ਖਾਣੇ ਵਿੱਚ ਰੇਸ਼ੇਦਾਰ ਫ਼ਲਾਂ ਤੇ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੋਲਡ ਡਰਿੰਕ ਦੀ ਥਾਂ ਪਾਣੀ ਹੀ ਪੀਣਾ ਚਾਹੀਦਾ ਹੈ। ਇਸ ਮੌਕੇ ਮੈਡਮ ਪੂਨਮ ਰਾਣੀ, ਅਮਨਪ੍ਰੀਤ ਕੌਰ ਅਤੇ ਅਮਨਪ੍ਰੀਤ ਸਿੰਘ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ।