ਖ਼ਾਲਸਾ ਕਾਲਜ ’ਚ ਕਰਵਾਇਆ ਵਿਸ਼ੇਸ਼ ਭਾਸ਼ਣ
ਖ਼ਾਲਸਾ ਕਾਲਜ ਵਿਖੇ ਵਿਸ਼ੇਸ਼ ਲੈਕਚਰ ਕਰਵਾਇਆ
Publish Date: Tue, 07 Apr 2026 05:38 PM (IST)
Updated Date: Wed, 08 Apr 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿਦਿਆ ਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ (ਕੈਬਨਿਟ ਮੰਤਰੀ ਪੰਜਾਬ ਤੇ ਆਨਰੇਰੀ ਸਕੱਤਰ ਕਾਲਜ) ਦੀ ਰਹਿਨੁਮਾਈ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਕਾ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਤੇ ਗੁਰਮਤਿ ਵਿਚਾਰ ਕੇਂਦਰ ਵੱਲੋਂ ਨੈਤਿਕ ਸਿੱਖਿਆ ਤੇ ਗੁਰਬਾਣੀ ਦੀ ਲੋਹ ਵਿਚ ਜੀਵਨ ਜਾਂਚ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਦੇ ਮੁੱਖ ਬੁਲਾਰਾ ਸਤਨਾਮ ਸਿੰਘ ਸਲ੍ਹੋਪੁਰੀ ਨੇ ਵਿਦਿਆਰਥੀਆਂ ਨਾਲ ਗੁਰਬਾਣੀ ਤੋਂ ਸੇਧ ਲੈ ਕੇ ਜੀਵਨ ਜਿਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅਜੋਕੇ ਸਮੇਂ ਪੜ੍ਹਾਈ ਦਾ ਮਹੱਤਵ, ਰਿਸ਼ਵਤ ਖੋਰੀ ਆਦਿ ਵਿਸ਼ਿਆਂ ਸਬੰਧੀ ਵੱਖ-ਵੱਖ ਖੇਤਰਾਂ ਵਿੱਚੋਂ ਉਦਾਹਰਨਾਂ ਦੇ ਕੇ ਸੁਚੱਜੀ ਜੀਵਨ ਜਾਂਚ ਬਾਰੇ ਸੇਧ ਦਿੱਤੀ। ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਸ੍ਰੀ ਅੰਮ੍ਰਿਤਸਰ ਨਾਲ ਜੁੜੇ ਸਤਨਾਮ ਸਿੰਘ ਨੇ ਇਸ ਸੰਸਥਾ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸੰਸਥਾ ਦੇ ਵਲੰਟੀਅਰ ਦੇਸ਼ ਵਿਦੇਸ਼ ਵਿਚ ਵਿੱਦਿਅਕ ਸੰਸਥਾਵਾਂ ਤੇ ਹੋਰ ਜਨਤਕ ਸੰਸਥਾਵਾਂ ਵਿਚ ਜਾ ਕੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ, ਗੁਟਕਾ ਸਾਹਿਬ ਅਤੇ ਹੋਰ ਮੁੱਲਵਾਨ ਲਿਟਰੇਚਰ ਸੰਸਥਾ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਅਤੇ ਸਟਾਫ਼ ਵੱਲੋਂ ਸਤਨਾਮ ਸਿੰਘ ਸਲ੍ਹੋਪੁਰੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿਚ ਇਸ ਸਮੁੱਚੀ ਟੀਮ ਵੱਲੋਂ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸ੍ਰੀ ਸਹਿਜ ਪਾਠ ਲਈ ਪ੍ਰੇਰਿਤ ਕਰਦਿਆਂ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਬੰਧੀ’, ‘ਵਿੱਦਿਅਕ ਪ੍ਰਫੁਲਤਾ ਦੇ ਪੰਜ ‘ਸ’,’ਅਮਨ ਪ੍ਰੀਤ ਦੀਆਂ ਪੈੜਾਂ’ ਅਤੇ ‘ਸਤਨਾਮ ਸਿੰਘ ਦੀ ਸਵੈਜੀਵਨੀ’ ਆਦਿਕ ਮੁੱਲਵਾਨ ਕਿਤਾਬਾਂ ਦਿੱਤੀਆਂ ਗਈਆਂ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਮਨਦੀਪ ਕੌਰ, ਡਾ ਸਿਮਰਜੀਤ ਕੌਰ, ਪ੍ਰੋ.ਰੀਮਾ ਰਾਣੀ, ਪ੍ਰੋ. ਅੰਮ੍ਰਿਤਪਾਲ ਸਿੰਘ,ਪ੍ਰੋ. ਜਸਬੀਰ ਕੌਰ,ਧਾਰਮਿਕ ਅਧਿਆਪਕ ਅਰਸ਼ਦੀਪ ਸਿੰਘ,ਪ੍ਰੋ. ਗਗਨਦੀਪ ਕੌਰ (ਅੰਗਰੇਜ਼ੀ ਵਿਭਾਗ) ਹਾਜ਼ਰ ਸਨ।