ਭਾਜਪਾ ਨੇ ਸਥਾਪਨਾ ਦਿਹਾੜਾ ਮਨਾਇਆ
ਭਾਜਪਾ ਨੇ ਸਥਾਪਨਾ ਦਿਵਸ ਮਨਾਇਆ
Publish Date: Tue, 07 Apr 2026 05:36 PM (IST)
Updated Date: Wed, 08 Apr 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਜ਼ਿਲ੍ਹਾ ਭਾਜਪਾ ਦਫ਼ਤਰ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਭਾਜਪਾ ਦੇ ਵਰਕਰ ਪਹੁੰਚੇ ਅਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਦਰਸਾਈ। ਪ੍ਰੋਗਰਾਮ ਦੀ ਅਗਵਾਈ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਪਾਰਟੀ ਦੇ ਝੰਡੇ ਨੂੰ ਨਮਨ ਕਰਕੇ ਤੇ ਸਥਾਪਕ ਆਗੂਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਸਿਰਫ਼ ਇਕ ਰਾਜਨੀਤਿਕ ਪਾਰਟੀ ਨਹੀਂ, ਸਗੋਂ ਦੇਸ਼ ਦੀ ਨਿਰਮਾਣ ਲਈ ਸਮਰਪਿਤ ਇਕ ਸੋਚ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਦੇਸ਼ ਹਿੱਤ ਨੂੰ ਸਭ ਤੋਂ ਉੱਪਰ ਰੱਖ ਕੇ ਕੰਮ ਕਰਦਾ ਹੈ। ਸਿੰਗਲਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਭਾਜਪਾ ਦੀ ਅਸਲੀ ਤਾਕਤ ਇਸਦੇ ਸਮਰਪਿਤ ਵਰਕਰ ਹਨ। ਅੱਜ ਦਾ ਦਿਨ ਸਾਨੂੰ ਆਪਣੇ ਮੁੱਖ ਸਿਧਾਂਤਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਘਰ-ਘਰ ਤੱਕ ਲੈ ਕੇ ਜਾਣ ਦਾ ਮੌਕਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਹਰ ਘਰ ਤਕ ਪਹੁੰਚਾਉਣਾ ਹਰ ਵਰਕਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਹਰ ਵਰਗ ਵਿਚ ਜਾ ਕੇ ਪਾਰਟੀ ਦੀ ਸੋਚ ਦਾ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਭਾਜਪਾ ਨਾਲ ਜੋੜਣ। ਇਸ ਦੌਰਾਨ ਭਾਜਪਾ ਦੇ ਨੈਸ਼ਨਲ ਕਾਉਂਸਲ ਮੈਂਬਰ ਐਡਵੋਕੇਟ ਮੋਹਨ ਲਾਲ ਗਰਗ ਨੇ ਪਾਰਟੀ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰ ਨੂੰ ਸਭ ਤੋਂ ਪਹਿਲਾਂ ਰੱਖਣ। ਇਸ ਤੋਂ ਬਾਅਦ ਪਾਰਟੀ ਤੇ ਫਿਰ ਆਪਣੇ ਆਪ ਨੂੰ ਤਰਜੀਹ ਦੇਣ। ਇਸ ਮੌਕੇ ਮੌਜੂਦ ਵਰਕਰਾਂ ਨੇ “ਰਾਸ਼ਟਰ ਪਹਿਲਾਂ, ਫਿਰ ਪਾਰਟੀ ਤੇ ਫਿਰ ਆਪ” ਦੇ ਮੰਤਰ ਨੂੰ ਦੁਹਰਾਉਂਦੇ ਹੋਏ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਅਸ਼ੋਕ ਭਾਰਤੀ, ਸ਼ਾਮ ਲਾਲ ਬਾਂਸਲ, ਵਿਜੇ ਸਿੰਗਲਾ, ਰਾਜੇਸ਼ ਨੋਨੀ ਅਤੇ ਉਮੇਸ਼ ਸ਼ਰਮਾ ਵੀ ਹਾਜ਼ਰ ਸਨ।