ਮਿਸ਼ਨ ਪ੍ਰਗਤੀ ਤਹਿਤ 62 ਨੌਜਵਾਨਾਂ ਦੇ ਦੂਜੇ ਬੈਚ ਦੀ ਸਿਖਲਾਈ ਸ਼ੁਰੂ
ਮਿਸ਼ਨ ਪ੍ਰਗਤੀ ਤਹਿਤ 62 ਨੌਜਵਾਨਾਂ ਦੇ ਦੂਜੇ ਬੈਚ ਦੀ ਸਿਖਲਾਈ ਸ਼ੁਰੂ
Publish Date: Tue, 07 Apr 2026 04:59 PM (IST)
Updated Date: Wed, 08 Apr 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਮੁਫ਼ਤ ਕੋਚਿੰਗ ਦੇਣ ਲਈ ਚਲਾਏ ਗਏ ਮਿਸ਼ਨ ਪ੍ਰਗਤੀ ਤਹਿਤ 62 ਨੌਜਵਾਨਾਂ ਦੇ ਦੂਜੇ ਬੈਚ ਦੀ ਸ਼ੁਰੂਆਤ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਕੀਤੀ ਗਈ। ਇਸ ਮੌਕੇ ਨਵੇਂ ਬੈਚ 'ਚ ਪੜ੍ਹ ਰਹੇ ਨੌਜਵਾਨਾਂ ਨਾਲ ਗੱਲ ਕਰਦਿਆਂ ਰਾਜੇਸ਼ ਧੀਮਾਨ, ਡੀਸੀ ਬਠਿੰਡਾ ਨੇ ਦੱਸਿਆ ਕਿ ਮਿਸ਼ਨ ਪ੍ਰਗਤੀ ਨੌਜਵਾਨ ਵਰਗ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇੱਥੇ ਬਠਿੰਡਾ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਆ ਕੇ ਨੌਜਵਾਨ ਮੁਫ਼ਤ ਕੋਚਿੰਗ ਲੈ ਰਹੇ ਹਨ। ਉਨ੍ਹਾਂ ਕੋਚਿੰਗ ਲੈਣ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਸਵੇਰੇ ਬੱਸਾਂ ਰਾਹੀਂ ਆਉਂਦੇ ਹਨ ਅਤੇ ਸਾਰਾ ਦਿਨ ਇੱਥੇ ਪੜ੍ਹ ਕੇ ਸ਼ਾਮ ਨੂੰ ਮੁੜ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ, ਪੰਜਾਬ ਪੁਲਿਸ/ਫੌਜ ਜਾਂ ਪੈਰਾ ਮਿਲਟਰੀ ਫੋਰਸਜ਼ 'ਚ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਉਪਰੰਤ ਭਰਤੀ ਲਈ ਫਿਜ਼ੀਕਲ ਟਰੇਨਿੰਗ ਫਿਟਨੈੱਸ ਵੀ ਜ਼ਰੂਰੀ ਅੰਗ ਹੈ। ਇਹ ਟੈਸਟ ਪਾਸ ਕਰਨ ਲਈ ਮਾਹਿਰ ਕੋਚਾਂ ਰਾਹੀਂ ਫਿਜ਼ੀਕਲ ਟ੍ਰੇਨਿੰਗ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ 9 ਮਾਰਚ ਤੋਂ ਬਿਨਾਂ ਫੀਸ ਸ਼ੁਰੂ ਕੀਤੀ ਜਾ ਚੁੱਕੀ ਹੈ। ਇਹ ਸਿਖ਼ਲਾਈ ਸ਼ਾਮ 5 ਤੋਂ 6 ਵਜੇ ਤਕ ਸਟੇਡੀਅਮ ਵਿਖੇ ਮੁਫ਼ਤ ਦਿੱਤੀ ਜਾਂਦੀ ਹੈ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ’ਚ 40 ਬੱਚਿਆਂ ਦਾ ਬੈਚ ਸ਼ੁਰੂ ਕੀਤਾ ਗਿਆ ਸੀ ਜਿਸ ਵਿਚੋਂ 6 ਵਿਦਿਆਰਥੀਆਂ ਦੀ ਚੋਣ ਸਰਕਾਰੀ ਨੌਕਰੀ ਲਈ ਹੋ ਚੁੱਕੀ ਹੈ। ਇਸ ਮਿਸ਼ਨ ਹੇਠ ਤਜਰਬੇਕਾਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿਸ ’ਚ ਦੋ ਅਧਿਆਪਕ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਅਧਿਆਪਕ ਹਨ ਤੇ ਇਹ ਟੀਚਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਕਿਤਾਬਾਂ ਲਈ ਨੌਜਵਾਨ ਲਾਇਬ੍ਰੇਰੀ ਚੋਂ ਹੀ ਕਿਤਾਬਾਂ ਲੈ ਕੇ ਪੜ੍ਹ ਸਕਦੇ ਹਨ।