ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤੀ ਮੀਟਿੰਗ
ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Tue, 07 Apr 2026 04:44 PM (IST)
Updated Date: Wed, 08 Apr 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਦਫਤਰ, ਪੁਰਾਣੀ ਤਹਿਸੀਲ ਵਿਖੇ ਰਣਜੀਤ ਸਿੰਘ ਤੂਰ (ਸੇਵਾਮੁਕਤ ਡੀਐੱਸਪੀ) ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਕਰੀਬ 180 ਮੈਂਬਰਾਂ ਨੇ ਭਾਗ ਲਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਜਰਨੈਲ ਸਿੰਘ ਬਾਹੀਆ ਵੱਲੋਂ ਉਨ੍ਹਾਂ ਮੈਂਬਰਾਂ ਦੇ ਨਾਂ ਪੜ੍ਹ ਕੇ ਸੁਣਾਏ, ਜੋ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਸਨ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਮਰਹੂਮ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਚ ਡੀਏ (ਮਹਿੰਗਾਈ ਭੱਤਾ) ਦੇਣ ਸਬੰਧੀ ਸਰਕਾਰ ਵੱਲੋਂ ਹਲਫਨਾਮਾ ਪੇਸ਼ ਨਾ ਕਰਨ ਤੇ ਹੋਰ ਸਮਾਂ ਮੰਗਣ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਇਸ ਮਾਮਲੇ ਵਿਚ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਨਕਾਰਾਤਮਕ ਰਵੱਈਏ ਦੀ ਕੜੀ ਨਿਖੇਧੀ ਕੀਤੀ। ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਡੀਏ ਤੇ ਬਕਾਇਆ ਰਕਮ (ਏਰੀਅਰ) ਤੁਰੰਤ ਜਾਰੀ ਨਾ ਕੀਤੀ ਗਈ ਤਾਂ ਸਰਕਾਰ ਨੂੰ ਇਸ ਦਾ ਵੱਡਾ ਨੁਕਸਾਨ ਝੱਲਣਾ ਪਵੇਗਾ। ਜੇਕਰ ਲੋੜ ਪਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਅਦਾਲਤੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਥਾਣਾ ਸਦਰ ਬਠਿੰਡਾ ਦੀ ਚੌਂਕੀ ਕੋਟਸ਼ਮੀਰ ਦੇ ਪੁਲਿਸ ਸਟਾਫ ਨੂੰ ਪਿੰਡ ਗੁਲਾਬਗੜ ਦੇ ਸਰਪੰਚ ਦੀ ਜ਼ਬਾਨੀ ਸ਼ਿਕਾਇਤ ‘ਤੇ ਬਿਨਾਂ ਜਾਂਚ ਅਤੇ ਦਸਤਾਵੇਜ਼ਾਂ ਤੋਂ ਜ਼ਿਲ੍ਹੇ ਤੋਂ ਬਾਹਰ ਤਬਦੀਲ ਕਰਨ ਦੇ ਫੈਸਲੇ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਨੇ ਇਸਨੂੰ ਸਰਾਸਰ ਗਲਤ ਦੱਸਦੇ ਹੋਏ ਇਸ ਹੁਕਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਮੀਟਿੰਗ ’ਚ ਹਾਜ਼ਰ ਮੈਂਬਰਾਂ ਨੇ ਐਸੋਸੀਏਸ਼ਨ ਦੇ ਦਫਤਰ ਤਕ ਜਾਣ ਵਾਲੇ ਰਸਤੇ ‘ਤੇ ਇੰਟਰਲਾਕਿੰਗ ਟਾਇਲਾਂ ਲਗਵਾਉਣ ਲਈ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ, ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਤੇ ਐੱਮਸੀ ਬਲਜੀਤ ਸਿੰਘ ਸਰਾਂ (ਰਾਜੂ) ਦਾ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਅੰਤ ਵਿਚ ਪ੍ਰਧਾਨ ਰਣਜੀਤ ਸਿੰਘ ਤੂਰ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿਚ ਇਕਜੁੱਟ ਰਹਿ ਕੇ ਆਪਣੇ ਹੱਕਾਂ ਲਈ ਲੜਨ ਦੀ ਅਪੀਲ ਕੀਤੀ।