ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ
ਲਾਇੰਸ ਕਲੱਬ ਬਠਿੰਡਾ ਵਿਕਾਸ ਨੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ
Publish Date: Mon, 06 Apr 2026 06:39 PM (IST)
Updated Date: Tue, 07 Apr 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਮਾਜ ਸੇਵਾ ਅਤੇ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਿਆਂ ਲਾਇੰਸ ਕਲੱਬ ਬਠਿੰਡਾ ਵਿਕਾਸ ਵੱਲੋਂ ਨਿਓ ਪੋਲਸ ਹਸਪਤਾਲ ਵਿਚ ਇਕ ਵਿਸ਼ਾਲ ਮੁਫ਼ਤ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਕਲੱਬ ਦੇ ਪ੍ਰਧਾਨ ਡਾ. ਸੰਜੈ ਮਿੱਤਲ ਨੇ ਦੱਸਿਆ ਕਿ ਕੈਂਪ ਦੌਰਾਨ ਸੀਨੀਅਰ ਅੱਖਾਂ ਦੇ ਮਾਹਿਰ ਡਾ. ਕਰਨ ਸਰਵਾਲ ਅਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਲਗਭਗ 126 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਕਈ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ। ਡਾ. ਮਿੱਤਲ ਨੇ ਹੋਰ ਦੱਸਿਆ ਕਿ ਲਾਇੰਸ ਕਲੱਬ ਵੱਲੋਂ ਇਸ ਤਰ੍ਹਾਂ ਦੇ ਸਿਹਤ ਕੈਂਪ ਅੱਗੇ ਵੀ ਜਾਰੀ ਰਹਿਣਗੇ ਤਾਂ ਜੋ ਸਮਾਜ ਦੇ ਹਰ ਵਰਗ ਤਕ ਸਿਹਤ ਸਹੂਲਤਾਂ ਪਹੁੰਚ ਸਕਣ। ਇਸ ਲੜੀ ਤਹਿਤ ਅਗਲਾ ਮੁਫ਼ਤ ਕੈਂਸਰ ਜਾਂਚ ਕੈਂਪ 17 ਅਪ੍ਰੈਲ ਨੂੰ ਐਡਵਾਂਸਡ ਕੈਂਸਰ ਹਸਪਤਾਲ ਵਿਚ ਲਗਾਇਆ ਜਾਵੇਗਾ, ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸ਼ੁਰੂਆਤੀ ਜਾਂਚ ਅਤੇ ਸਲਾਹ ਦਿੱਤੀ ਜਾਵੇਗੀ। ਕੈਂਪ ਦੌਰਾਨ ਕਲੱਬ ਦੇ ਕਈ ਪ੍ਰਮੁੱਖ ਮੈਂਬਰ ਸੁਸ਼ੀਲ ਕੁਮਾਰ ‘ਗੋਲਡੀ’, ਸ੍ਰੀ ਮੰਨੇਰ ਸਾਹਿਬ, ਸ੍ਰੀ ਜੋਰਾ ਸਾਹਿਬ, ਕਲੱਬ ਦੇ ਸਕੱਤਰ ਐਡਵੋਕੇਟ ਵਿਕਾਸ ਸਿੰਗਲਾ ਅਤੇ ਖਜ਼ਾਨਚੀ ਲਵਿਸ਼ ਸਿੰਗਲਾ ਸਮੇਤ ਹੋਰ ਮੈਂਬਰ ਸ਼ਾਮਲ ਸਨ। ਇਹ ਕੈਂਪ ਨਾ ਸਿਰਫ਼ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਸਫਲ ਰਿਹਾ, ਸਗੋਂ ਸਮਾਜ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵੱਲ ਵੀ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ।