ਆਂਗਨਵਾੜੀ ਵਰਕਰਾਂ ਨੇ ਸੀਡੀਪੀਓ ਨੂੰ ਸੌਂਪਿਆ ਮੰਗ ਪੱਤਰ
ਆਂਗਣਵਾੜੀ ਵਰਕਰਾਂ ਨੇ ਸੀਡੀਪੀਓ ਨੂੰ ਮੰਗ ਪੱਤਰ ਸੌਂਪਿਆ
Publish Date: Mon, 06 Apr 2026 06:30 PM (IST)
Updated Date: Tue, 07 Apr 2026 04:06 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਬਲਵੀਰ ਕੌਰ ਲਹਿਰੀ ਦੀ ਅਗਵਾਈ ਹੇਠ ਸੀਡੀਪੀਓ ਨੂੰ ਡਾਇਰੈਕਟਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਨੇ ਆਪਣੀਆਂ ਮੰਗਾਂ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੋਸ਼ਣ ਅਭਿਆਨ ਫੰਡ ਵਿੱਚੋਂ ਖਰੀਦੇ ਗਏ ਮੋਬਾਈਲ ਫੋਨ ਆਂਗਨਵਾੜੀ ਵਰਕਰਾਂ ਨੂੰ ਤੁਰੰਤ ਮੁਹੱਈਆ ਕਰਵਾਏ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਫੋਨ ਵਰਕਰਾਂ ਨੂੰ ਨਹੀਂ ਦਿੱਤੇ ਜਾਂਦੇ ਤਾਂ ਉਹ ਆਪਣੇ ਨਿੱਜੀ ਮੋਬਾਈਲ ਫੋਨਾਂ ਰਾਹੀਂ “ਮਾਵਾਂ ਧੀਆਂ ਸਤਿਕਾਰਯੋਗ ਯੋਜਨਾ” ਦੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਨਗੀਆਂ। ਵਰਕਰਾਂ ਅਨੁਸਾਰ ਉਹ ਪਹਿਲਾਂ ਹੀ ਆਪਣੇ ਨਿੱਜੀ ਫੋਨਾਂ ਰਾਹੀਂ ਪੋਸ਼ਣ ਅਭਿਆਨ ਦਾ ਕੰਮ ਕਰ ਰਹੀਆਂ ਹਨ ਅਤੇ ਪਿਛਲੇ ਅੱਠ ਸਾਲਾਂ ਤੋਂ ਸਰਕਾਰੀ ਫੋਨਾਂ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੋਰ ਰਾਜਾਂ ਵਿਚ ਆਂਗਨਵਾੜੀ ਵਰਕਰਾਂ ਨੂੰ ਦੋ ਵਾਰ ਮੋਬਾਈਲ ਫੋਨ ਦਿੱਤੇ ਜਾ ਚੁੱਕੇ ਹਨ, ਜਦਕਿ ਪੰਜਾਬ ਵਿਚ ਅਜੇ ਤਕ ਇਹ ਸੁਵਿਧਾ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਹਰ ਲਾਭਪਾਤਰੀ ਦੀ ਰਜਿਸਟ੍ਰੇਸ਼ਨ ਲਈ ਆਂਗਨਵਾੜੀ ਵਰਕਰ ਨੂੰ ਘੱਟੋ-ਘੱਟ 100 ਰੁਪਏ ਅਤੇ ਹੈਲਪਰ ਨੂੰ 50 ਰੁਪਏ ਦਿੱਤੇ ਜਾਣ। ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾ ਵਿਚ ਵਰਕਰ ਨੂੰ 200 ਰੁਪਏ ਅਤੇ ਹੈਲਪਰ ਨੂੰ 100 ਰੁਪਏ ਪ੍ਰਤੀ ਲਾਭਪਾਤਰੀ ਦਿੱਤੇ ਜਾਂਦੇ ਹਨ, ਪਰ ਪੰਜਾਬ ਸਰਕਾਰ ਸਿਰਫ 25 ਰੁਪਏ ਦੇ ਕੇ ਕੰਮ ਲੈ ਰਹੀ ਹੈ, ਜੋ ਸਰਾਸਰ ਗਲਤ ਹੈ। ਇਸ ਮੌਕੇ ਬਲਵਿੰਦਰ ਕੌਰ ਜੱਜਲ, ਰਿੰਪੀ (ਰਾਮਾਂ), ਵੀਰਪਾਲ ਕੌਰ, ਰਮਨਦੀਪ ਕੌਰ, ਬੇਅੰਤ ਕੌਰ, ਪਰਮਜੀਤ ਕੌਰ ਅਤੇ ਕਿਰਨਾਂ ਸਮੇਤ ਹੋਰ ਆਗੂ ਵੀ ਮੌਜੂਦ ਸਨ।