- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੌਰੇ ਦੌਰਾਨ ਹਰਸਿਮਰਤ ਕੌਰ ਬਾਦਲ ਅਤੇ ਮਾਸਟਰ ਜਗਸੀਰ ਸਿੰਘ ਆਹਮਣੇ ਸਾਹਮਣੇ

-ਗੜੇਮਾਰੀ ਨਾਲ ਨੁਕਸਾਨ ’ਤੇ ਸਿਆਸਤ ਤੇਜ਼, ਦੋਵਾਂ ਧਿਰਾਂ ਨੇ ਕਿਸਾਨਾਂ ਨੂੰ ਰਾਹਤ ਦਿਵਾਉਣ ਦੇ ਕੀਤੇ ਦਾਅਵੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਵਿਚ ਬੀਤੇ ਦਿਨੀਂ ਹੋਈ ਭਾਰੀ ਵਰਖਾ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਸਿਲਸਿਲੇ ਵਿੱਚ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਭੁੱਚੋ ਮੰਡੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਆਪਣੇ ਪੁੱਤਰ ਹਰਸਿਮਰਨ ਸਿੰਘ ਦੇ ਨਾਲ ਪਿੰਡਾਂ ਦਾ ਦੌਰਾ ਕਰ ਰਹੇ ਸਨ। ਦੌਰੇ ਦੌਰਾਨ ਪਿੰਡ ਕੋਠੇ ਲਾਲ ਸਿੰਘ ਵਿਚ ਉਸ ਵੇਲੇ ਮਾਹੌਲ ਤਣਾਓਪੂਰਨ ਹੋ ਗਿਆ ਜਦੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਵਿਧਾਇਕ ਮਾਸਟਰ ਜਗਸੀਰ ਸਿੰਘ ਆਹਮਣੇ ਸਾਹਮਣੇ ਆ ਗਏ। ਭਾਵੇਂ ਵਿਧਾਇਕ ਮਾਸਟਰ ਜਗਸੀਰ ਸਿੰਘ ਬਹੁਤ ਘੱਟ ਬੋਲੇ ਪਰ ਉਨ੍ਹਾਂ ਦੇ ਪੁੱਤਰ ਦੀ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦੇ ਮਸਲੇ 'ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨਾਲ ਤਿੱਖੀ ਬਹਿਸ ਹੋਈ, ਜੋ ਮੌਕੇ 'ਤੇ ਮੌਜੂਦ ਕਿਸਾਨਾਂ ਵਿਚ ਚਰਚਾ ਦਾ ਵਿਸ਼ਾ ਬਣ ਗਈ। ਬਹਿਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਵਿਧਾਇਕ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇ ਉਹ ਸੱਚਮੁੱਚ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ ਉਹ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਸਬੰਧੀ ਫੋਨ ਕਰਨ।
ਇਸ ਉਪਰੰਤ ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਫੋਨ ਨਹੀਂ ਚੱਕਦਾ ਤਾਂ ਉਹ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਫੋਨ ਕਰ ਕਿ ਕਹਿਣ ਕਿ ਉਹ ਮੁਆਵਜ਼ੇ ਦਾ ਐਲਾਨ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੰਤਰੀ ਨਾਲ ਗੱਲ ਕਰਨਾ ਸੰਭਵ ਨਾ ਹੋਵੇ ਤਾਂ ਘੱਟੋ-ਘੱਟ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਖਾਸ ਕਰਕੇ ਡੀਸੀ ਨਾਲ ਸੰਪਰਕ ਕਰਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾ ਸਕਦਾ ਹੈ। ਇਸ ਦੇ ਜਵਾਬ ਵਿਚ ਵਿਧਾਇਕ ਦੇ ਪੁੱਤਰ ਹਰਸਿਮਰਨ ਸਿੰਘ ਨੇ ਕਿਹਾ ਕਿ ਬੀਬਾ ਜੀ ਇਹ ਗੱਲ ਠੀਕ ਹੈ ਕਿ ਤੁਹਾਡੇ ਵਰਕਰ ਅਧਿਕਾਰੀਆਂ ਨੂੰ ਫੋਨ ਕਰਦੇ ਸਨ ਅਤੇ ਡੀਸੀ ਨੂੰ ਦਬਕਾ ਤੇ ਡਰਾ ਲੈਂਦੇ ਸਨ, ਪਹਿਲਾਂ ਦੇ ਸਮੇਂ ਵਿਚ ਗਿਰਦਾਵਰੀ ਘਰਾਂ ਵਿਚ ਬੈਠ ਕੇ ਹੁੰਦੀ ਸੀ, ਪਰ ਹੁਣ ਅਧਿਕਾਰੀ ਖੇਤਾਂ ਵਿੱਚ ਜਾ ਕੇ ਅਸਲੀ ਹਾਲਤ ਦਾ ਜਾਇਜ਼ਾ ਲੈ ਰਹੇ ਹਨ ਅਤੇ ਖੇਤਾਂ ਵਿਚ ਹੀ ਗਿਰਦਾਵਰੀ ਹੋਵੇਗੀ।
ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਹਰ ਪ੍ਰਭਾਵਿਤ ਕਿਸਾਨ ਨੂੰ ਮੁਆਵਜ਼ਾ ਦੇਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਜਦੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵਾਰ ਵਾਰ ਕਿਹਾ ਕਿ ਤੁਸੀ ਮੁਆਵਜ਼ਾ ਰਾਸ਼ੀ 5 ਹਜ਼ਾਰ ਨਹੀ ਤਾਂ 30 ਹਜ਼ਾਰ ਰੁਪਏ ਦਾ ਐਲਾਨ ਕਰੋ ਜਾਂ ਕਰਵਾ ਦਿਓ, ਪਰ ਇਸਦਾ ਵਜਾਬ ਦਿੰਦਿਆਂ ਵਿਧਾਇਕ ਦੇ ਪੁੱਤਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਰਫ਼ ਗੱਲਾਂ ਕਰਨ 'ਤੇ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਕੰਮ ਕਰਨ 'ਤੇ ਵਿਸ਼ਵਾਸ ਕਰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਪ੍ਰਭਾਵਿਤ ਕਿਸਾਨ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਅਤੇ ਸਾਰੇ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਖੇਤਰ ਵਿਚ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਦੂਜੇ ਪਾਸੇ ਕਿਸਾਨ ਹੁਣ ਇਹ ਉਮੀਦ ਕਰ ਰਹੇ ਹਨ ਕਿ ਸਿਆਸੀ ਬਿਆਨਬਾਜ਼ੀ ਤੋਂ ਅੱਗੇ ਵਧ ਕੇ ਕੀ ਉਨ੍ਹਾਂ ਨੂੰ ਜਲਦ ਤੋਂ ਜਲਦ ਹਕੀਕਤ ਵਿਚ ਰਾਹਤ ਮਿਲੇਗੀ।