ਏਸੀ ਦੀਆਂ ਤਾਰਾਂ ਚੋਰੀ ਕਰਨ ਵਾਲਾ ਕਾਬੂ
ਏਸੀ ਦੀਆਂ ਤਾਰਾਂ ਚੋਰੀ ਕਰਨ ਵਾਲਾ ਕਾਬੂ
Publish Date: Mon, 06 Apr 2026 04:50 PM (IST)
Updated Date: Tue, 07 Apr 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੀ ਪਾਸ਼ ਕਲੋਨੀ ਗਣਪਤੀ ਐਨਕਲੇਵ ਵਿਚ ਏਸੀ ਪੱਖੇ ਤੋਂ ਮਹਿੰਗੀਆਂ ਤਾਰਾਂ ਚੋਰੀ ਕਰਨ ਵਾਲੇ ਇਕ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ। ਲੋਕਾਂ ਨੇ ਪਹਿਲਾਂ ਉਸਨੂੰ ਖੰਭੇ ਨਾਲ ਬੰਨ੍ਹਿਆ ਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪਿਛਲੇ ਕੁਝ ਦਿਨਾਂ ਤੋਂ ਉਕਤ ਕਾਲੋਨੀ ’ਚ ਕਈ ਘਰਾਂ ਦੀਆਂ ਛੱਤਾਂ ’ਤੇ ਲੱਗੇ ਏਸੀ ਯੂਨਿਟਾਂ ਤੋਂ ਤਾਰਾਂ ਚੋਰੀ ਹੋ ਰਹੀਆਂ ਸਨ। ਸਥਾਨਕ ਵਸਨੀਕਾਂ ਨੇ ਸ਼ੱਕੀ ਸਰਗਰਮੀ ਦੇਖੀ ਤੇ ਦੋਸ਼ੀ ਦਾ ਪਿੱਛਾ ਕਰਦਿਆਂ ਉਸਨੂੰ ਰੰਗੇ ਹੱਥੀਂ ਫੜ ਲਿਆ। ਫੜੇ ਗਏ ਚੋਰ ਦੀ ਪਛਾਣ ਗੋਬਿੰਦ ਵਜੋਂ ਹੋਈ। ਮੁੱਢਲੀ ਪੁੱਛਗਿੱਛ ’ਚ ਉਸਨੇ ਦੱਸਿਆ ਕਿ ਉਹ ਚੋਰੀ ਕੀਤੀ ਤਾਰ ਨੂੰ ਫੇਰੀ ਵਾਲੇ ਕਬਾੜੀ ਨੂੰ ਵੇਚਦਾ ਸੀ ਅਤੇ ਇਸ ਪੈਸੇ ਨਾਲ ਨਸ਼ਾ ਖਰੀਦਦਾ ਸੀ। ਉਸਨੇ ਖੁਲਾਸਾ ਕੀਤਾ ਕਿ ਉਹ ਅਮਰਪੁਰਾ ਬਸਤੀ ਦੇ ਇਕ ਵਿਅਕਤੀ ਅਮਨ ਤੋਂ ‘ਚਿੱਟਾ’ ਖਰੀਦਦਾ ਹੈ। ਉਸਨੇ ਦੱਸਿਆ ਕਿ ਸ਼ਹਿਰ ਦੇ ਬੰਗੀ ਨਗਰ ਅਤੇ ਅਮਰਪੁਰਾ ਬਸਤੀ ਖੇਤਰ ਵਿਚ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ। ਥਾਣਾ ਕੈਨਾਲ ਕਾਲੋਨੀ ਦੇ ਇੰਸਪੈਕਟਰ ਹਰਜੋਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਚੋਰ ਨੇ ਆਪਣੇ ਇਕ ਹੋਰ ਸਾਥੀ ਦਾ ਨਾਮ ਵੀ ਦੱਸਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਦੂਜੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਤੇ ਦੋਵਾਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਨੇ ਚੋਰੀ ਦੀਆਂ ਵਧਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟਾਈ ਤੇ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਹੈ।