ਕਾਰ ਖੋਹਣ ਦਾ ਰਚਿਆ ਡਰਾਮਾ, ਡਰਾਈਵਰ ਸਣੇ ਛੇ ’ਤੇ ਕੇਸ
ਕਾਰ ਖੁਰਦ ਬੁਰਦ ਕਰਨ ਲਈ ਖੋਹ ਦਾ ਰਚਿਆ ਡਰਾਮਾ, ਕਾਰ ਚਾਲਕ ਸਮੇਤ ਛੇ ਖਿਲਾਫ ਕੇਸ ਦਰਜ
Publish Date: Mon, 06 Apr 2026 04:47 PM (IST)
Updated Date: Tue, 07 Apr 2026 04:09 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਰਾਜਸਥਾਨ ਦੇ ਇਕ ਵਿਅਕਤੀ ਦੀ ਕਾਰ ਖੁਰਦ-ਬੁਰਦ ਕਰਨ ਦੇ ਮਨੋਰਥ ਨਾਲ ਕਾਰ ਚਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਖੋਹ ਦਾ ਡਰਾਮਾ ਰਚਿਆ। ਪਰ ਬਠਿੰਡਾ ਪੁਲਿਸ ਦੀ ਤਫਤੀਸ਼ ਨੇ ਇਸ ਡਰਾਮੇ ਦਾ ਪਰਦਾਫਸ਼ ਕਰਦਿਆਂ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਉਸ ਦੇ ਪੰਜ ਸਾਥੀਆਂ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਕੈਂਟ ਪੁਲਿਸ ਨੂੰ ਦਰਜ ਕਰਵਾਇਆ, ਜਿਸ ਿਵਚ ਸ਼ੌਕਤ ਅਲੀ ਵਾਸੀ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਨੇ ਦੱਸਿਆ ਕਿ ਉਸ ਦੇ ਕੋਲ ਆਰਟੀਗਾ ਕਾਰ ਨੰ. ਆਰਜੇ 31 ਯੂਏ 5621 ਹੈ, ਜਿਸ ਉੱਪਰ ਉਸਨੇ ਰਾਜਪ੍ਰੀਤ ਸਿੰਘ ਵਾਸੀ ਸੂਰੀਆ ਨਗਰ ਹਨੁਮਾਨਗੜ੍ਹ ਨੂੰ ਡਰਾਈਵਰ ਰੱਖਿਆ ਹੋਇਆ ਹੈ। ਪੀੜਤ ਨੇ ਦੱਸਿਆ ਕਿ 4 ਅਪ੍ਰੈਲ ਨੂੰ ਰਾਜਪ੍ਰੀਤ ਸਿੰਘ ਨੇ ਹਨੁਮਾਨਗੜ੍ਹ ਤੋਂ ਬਰਨਾਲਾ ਲਈ ਤਿੰਨ ਅਣਪਛਾਤੀਆਂ ਸਵਾਰੀਆਂ ਛੱਡਣ ਲਈ ਗੱਡੀ ਬੁੱਕ ਕੀਤੀ ਸੀ। ਪੀੜਤ ਅਨੁਸਾਰ ਕਾਰ ਡਰਾਈਵਰ ਰਾਜਪ੍ਰੀਤ ਸਿੰਘ ਉਕਤ ਗੱਡੀ ਨੂੰ ਲੈ ਕੇ ਬਠਿੰਡਾ ਬਰਨਾਲਾ ਹਾਈਵੇ ਨੇੜੇ ਪੁੱਜਾ ਤੇ ਇੱਥੇ ਗੱਡੀ ਖੋਹਣ ਦਾ ਡਰਾਮਾ ਕੀਤਾ। ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਅਨੁਸਾਰ ਰਾਜਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਬੂਟਾ ਸਿੰਘ ਪੱਕਾ ਸਹਾਰਨਾ, ਸਾਗਰ ਵਾਸੀ ਜੰਡਾ ਵਾਲੀ ਅਤੇ ਤਿੰਨ ਹੋਰ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਇਹ ਖੋਹ ਦਾ ਡਰਾਮਾ ਰਚਿਆ ਸੀ। ਉਨ੍ਹਾਂ ਦੱਸਿਆ ਕਿ ਰਾਜਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ।