- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਸਾਲ ਲਈ ਪ੍ਰਾਈਵੇਟ ਕੰਪਨੀ ਕਰੇਗੀ ਸ਼ਹਿਰ ਦੀ ਸੀਵਰੇਜ ਅਤੇ ਵਾਟਰ ਸਪਲਾਈ ਦੀ ਮੇਨਟੇਨੈਂਸ

-ਨਿਗਮ ਦੀ ਐੱਫਐਂਡਸੀਸੀ ਕਮੇਟੀ ਨੇ ਵਿੱਤੀ ਤੇ ਵਰਕ ਆਰਡਰ ਜਾਰੀ ਕਰਨ ਦੀ ਦਿੱਤੀ ਮਨਜ਼ੂਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਦੀ ਬੁਨਿਆਦੀ ਸੁਵਿਧਾਵਾਂ ਨੂੰ ਸੁਧਾਰਨ ਲਈ ਨਗਰ ਨਿਗਮ ਨੇ ਵੱਡਾ ਕਦਮ ਚੁੱਕਦਿਆਂ ਸੀਵਰੇਜ ਅਤੇ ਵਾਟਰ ਸਪਲਾਈ ਸਿਸਟਮ ਦੀ ਮੈਂਟੀਨੈਂਸ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਣ ਦੀ ਤਿਆਰੀ ਪੂਰੀ ਕਰ ਲਈ ਹੈ। ਕਰੀਬ 63 ਕਰੋੜ ਰੁਪਏ ਦੀ ਇਸ ਪ੍ਰੋਜੈਕਟ ਨੂੰ ਤਿੰਨ ਸਾਲਾਂ ਲਈ ਲਾਗੂ ਕੀਤਾ ਜਾਵੇਗਾ। ਨਿਗਮ ਦੀ ਐੱਫਐਂਡਸੀਸੀ (ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ) ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਗਲੇ ਇਕ ਹਫ਼ਤੇ ਵਿੱਚ ਸਬੰਧਤ ਕੰਪਨੀ ਨੂੰ ਵਰਕ ਆਰਡਰ ਜਾਰੀ ਹੋਣ ਦੀ ਸੰਭਾਵਨਾ ਹੈ। ਨਿਗਮ ਦੇ ਓਐਂਡਐਮ (ਆਪਰੇਸ਼ਨ ਐਂਡ ਮੇਨਟੇਨੈਂਸ) ਵਿੰਗ ਅਨੁਸਾਰ ਸ਼ਹਿਰ ਵਿੱਚ ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਦੇ ਸੰਚਾਲਨ ਅਤੇ ਰੱਖ-ਰਖਾਅ ਲਈ 6376.78 ਲੱਖ ਰੁਪਏ ਦਾ ਟੈਂਡਰ 11 ਮਾਰਚ 2026 ਨੂੰ ਜਾਰੀ ਕੀਤਾ ਗਿਆ ਸੀ। ਇਸ ਟੈਂਡਰ ਪ੍ਰਕਿਰਿਆ ਵਿੱਚ ਤਿੰਨ ਕੰਪਨੀਆਂ ਸੂਏਜ਼ ਇੰਡੀਆ ਪ੍ਰਾਈਵੇਟ ਲਿਮਿਟਡ, ਇੰਦਰਜੀਤ ਬਜਾਜ ਐਂਡ ਐਸੋਸੀਏਟਸ ਅਤੇ ਵਾਟੇਕ ਵਾਬਾਗ ਲਿਮਿਟਡ ਨੇ ਹਿੱਸਾ ਲਿਆ। ਸ਼ੁਰੂਆਤੀ ਪੜਾਅ ਵਿੱਚ ਇਨ੍ਹਾਂ ਕੰਪਨੀਆਂ ਵੱਲੋਂ ਦਿੱਤੇ ਗਏ ਰੇਟ ਨਿਗਮ ਦੇ ਅਨੁਮਾਨ ਨਾਲੋਂ ਕਾਫੀ ਵੱਧ ਸਨ, ਜਿਸ ਨਾਲ ਮਾਮਲਾ ਅਟਕਦਾ ਦਿਖਾਈ ਦਿੱਤਾ। ਹਾਲਾਂਕਿ ਬਾਅਦ ਵਿੱਚ ਸਭ ਤੋਂ ਘੱਟ ਬੋਲੀ ਲਗਾਉਣ ਵਾਲੀ ਏਜੰਸੀ ਇੰਦਰਜੀਤ ਬਜਾਜ ਐਂਡ ਐਸੋਸੀਏਟਸ ਨਾਲ ਕਈ ਦੌਰ ਦੀ ਗੱਲਬਾਤ ਅਤੇ ਪੱਤਰਚਾਰ ਤੋਂ ਬਾਅਦ ਕੰਪਨੀ ਨੇ ਆਪਣੇ ਰੇਟ ਘਟਾ ਕੇ 6375.99 ਲੱਖ ਰੁਪਏ ਕਰ ਦਿੱਤੇ, ਜੋ ਕਿ ਅਨੁਮਾਨਿਤ ਲਾਗਤ ਨਾਲੋਂ 0.012 ਫੀਸਦੀ ਘੱਟ ਹਨ। ਇਸ ਤੋਂ ਬਾਅਦ ਸਬ-ਕਮੇਟੀ ਨੇ ਇਨ੍ਹਾਂ ਰੇਟਾਂ ਨੂੰ ਠੀਕ ਮੰਨਦਿਆਂ ਮਨਜ਼ੂਰੀ ਲਈ ਅੱਗੇ ਭੇਜ ਦਿੱਤਾ। 20 ਮਾਰਚ 2026 ਨੂੰ ਕਮੇਟੀ ਦੀ ਮੀਟਿੰਗ ਵਿੱਚ ਇਨ੍ਹਾਂ ਰੇਟਾਂ ਨੂੰ ਤਕਨੀਕੀ ਅਤੇ ਵਿੱਤੀ ਤੌਰ ‘ਤੇ ਵੀ ਮਨਜ਼ੂਰੀ ਮਿਲ ਗਈ।
-ਬਾਕਸ
-ਪਹਿਲਾਂ ਟੈਂਡਰ ਰੱਦ ਹੋਣ ਤੋਂ ਬਾਅਦ ਵਧੀ ਮੁਕਾਬਲਾ ਬਾਜ਼ੀ
ਨਗਰ ਨਿਗਮ ਬਠਿੰਡਾ ਵੱਲੋਂ ਇਸ ਤੋਂ ਪਹਿਲਾਂ ਵੀ ਇਸੇ ਕੰਮ ਲਈ ਟੈਂਡਰ ਜਾਰੀ ਕੀਤਾ ਗਿਆ ਸੀ, ਪਰ ਉਸ ਵੇਲੇ ਸਿਰਫ਼ ਦੋ ਕੰਪਨੀਆਂ ਨੇ ਹਿੱਸਾ ਲਿਆ ਸੀ ਅਤੇ ਦੋਹਾਂ ਨੇ ਅਨੁਮਾਨਿਤ ਲਾਗਤ ਨਾਲੋਂ ਲਗਭਗ ਦੋਗੁਣੇ ਰੇਟ ਦਿੱਤੇ ਸਨ। ਨਿਗਮ ਅਧਿਕਾਰੀਆਂ ਮੁਤਾਬਕ ਇੰਨੇ ਉੱਚੇ ਰੇਟ ਮਨਜ਼ੂਰ ਕਰਨਾ ਸੰਭਵ ਨਹੀਂ ਸੀ, ਇਸ ਲਈ ਟੈਂਡਰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੋਧੀਆਂ ਸ਼ਰਤਾਂ ਨਾਲ ਦੁਬਾਰਾ ਟੈਂਡਰ ਜਾਰੀ ਕੀਤਾ ਗਿਆ, ਜਿਸ ਵਿੱਚ ਇਸ ਵਾਰ ਤਿੰਨ ਕੰਪਨੀਆਂ ਨੇ ਦਿਲਚਸਪੀ ਦਿਖਾਈ। ਦੂਜੇ ਟੈਂਡਰ ਵਿੱਚ ਮੁਕਾਬਲਾ ਵਧਣ ਨਾਲ ਨਿਗਮ ਨੂੰ ਵਧੀਆ ਰੇਟ ਮਿਲਣ ਦੀ ਉਮੀਦ ਸੀ, ਜੋ ਕਾਫੀ ਹੱਦ ਤਕ ਪੂਰੀ ਵੀ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਤਕਨੀਕੀ ਅਤੇ ਵਿੱਤੀ ਦੋਹਾਂ ਪੱਖਾਂ ‘ਤੇ ਗਹਿਰਾਈ ਨਾਲ ਜਾਂਚ ਕੀਤੀ ਗਈ ਹੈ, ਤਾਂ ਜੋ ਸ਼ਹਿਰ ਲਈ ਸਭ ਤੋਂ ਉਚਿਤ ਏਜੰਸੀ ਦੀ ਚੋਣ ਕੀਤੀ ਜਾ ਸਕੇ।
-ਬਾਕਸ
-10 ਸਾਲ ਤਕ ਤ੍ਰਿਵੇਣੀ ਕੰਪਨੀ ਕੋਲ ਸੀ ਕੰਮ-
ਸ਼ਹਿਰ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀ ਮੇਨਟੇਨੈਂਸ ਦਾ ਕੰਮ ਇਸ ਤੋਂ ਪਹਿਲਾਂ ਤ੍ਰਿਵੇਣੀ ਕੰਪਨੀ ਕੋਲ ਸੀ, ਜੋ ਪਿਛਲੇ ਕਰੀਬ 10 ਸਾਲਾਂ ਤੋਂ ਇਹ ਜ਼ਿੰਮੇਵਾਰੀ ਨਿਭਾ ਰਹੀ ਸੀ। ਕਰਾਰ ਸਮਾਪਤ ਹੋਣ ਤੋਂ ਬਾਅਦ ਨਿਗਮ ਨੇ ਨਵੀਂ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ। ਨਿਗਮ ਦਾ ਮੰਨਣਾ ਹੈ ਕਿ ਨਵੀਂ ਏਜੰਸੀ ਦੇ ਆਉਣ ਨਾਲ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਅਤੇ ਸਮੇਂ-ਸਿਰ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇਗਾ। ਖ਼ਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਸੀਵਰੇਜ ਓਵਰਫ਼ਲੋਅ, ਸੜਕਾਂ ‘ਤੇ ਪਾਣੀ ਖੜ੍ਹਾ ਹੋਣਾ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਰੁਕਾਵਟ ਵਰਗੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
-ਬਾਕਸ-
-ਨਿਗਰਾਨੀ ਤੇ ਜ਼ਿੰਮੇਵਾਰੀ ’ਤੇ ਰਹੇਗਾ ਜ਼ੋਰ
ਨਗਰ ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਠੇਕਾ ਮਿਲਣ ਤੋਂ ਬਾਅਦ ਸਬੰਧਤ ਕੰਪਨੀ ਦੀ ਕਾਰਗੁਜ਼ਾਰੀ ‘ਤੇ ਕੜੀ ਨਿਗਰਾਨੀ ਰੱਖੀ ਜਾਵੇਗੀ। ਨਿਯਮਿਤ ਅੰਤਰਾਲ ‘ਤੇ ਕੰਮ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਮਿਲਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਸਮੇਂ ‘ਤੇ ਹੱਲ ਹੋ ਸਕੇ।
-ਬਾਕਸ
-ਤਕਨੀਕੀ ਸਮਰੱਥਾ ਬਣੀ ਚੋਣ ਦਾ ਅਧਾਰ
ਨਿਗਮ ਦੇ ਸਰੋਤਾਂ ਮੁਤਾਬਕ, ਇਸ ਵਾਰ ਸਿਰਫ਼ ਘੱਟ ਰੇਟ ਹੀ ਨਹੀਂ, ਸਗੋਂ ਕੰਪਨੀਆਂ ਦੀ ਤਕਨੀਕੀ ਸਮਰੱਥਾ, ਤਜਰਬੇ ਅਤੇ ਸਰੋਤਾਂ ਨੂੰ ਵੀ ਤਰਜੀਹ ਦਿੱਤੀ ਗਈ ਹੈ। ਨਿਗਮ ਚਾਹੁੰਦਾ ਹੈ ਕਿ ਚੁਣੀ ਗਈ ਕੰਪਨੀ ਕੋਲ ਆਧੁਨਿਕ ਉਪਕਰਣ ਅਤੇ ਸਟਾਫ ਹੋਵੇ, ਤਾਂ ਜੋ ਸ਼ਹਿਰ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਸਕੇ।
-ਬਾਕਸ-
-ਵਿਰੋਧ ਦੇ ਬਾਵਜੂਦ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਕੰਮ
ਨਗਰ ਨਿਗਮ ਦੇ ਮੌਜੂਦਾ ਕੌਂਸਲਰਾਂ ਪਿਛਲੇ ਕਰੀਬ 10 ਸਾਲਾਂ ਤੋਂ ਸੀਵਰੇਜ ਤੇ ਵਾਟਰ ਸਪਲਾਈ ਦੀ ਮੇਨਟੇਨੈਂਸ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਦਾ ਵਿਰੋਧ ਕਰਦੇ ਰਹੇ ਹਨ। ਹਰ ਹਾਊਸ ਮੀਟਿੰਗ ਵਿੱਚ ਇਹ ਮਸਲਾ ਚੁੱਕਿਆ ਜਾਂਦਾ ਰਿਹਾ ਅਤੇ ਕਈ ਕੌਂਸਲਰਾਂ ਨੇ ਮੰਗ ਕੀਤੀ ਕਿ ਇਹ ਕੰਮ ਨਿਗਮ ਖੁਦ ਜਾਂ ਸੀਵਰੇਜ ਬੋਰਡ ਰਾਹੀਂ ਕਰਵਾਇਆ ਜਾਵੇ, ਤਾਂ ਜੋ ਪਾਰਦਰਸ਼ਤਾ ਬਣੀ ਰਹੇ ਅਤੇ ਖਰਚ ‘ਤੇ ਕੰਟਰੋਲ ਰਹੇ। ਹਾਲਾਂਕਿ ਲੰਬੇ ਸਮੇਂ ਦੇ ਵਿਰੋਧ ਦੇ ਬਾਵਜੂਦ ਆਪਣੇ ਕਾਰਜਕਾਲ ਦੇ ਆਖ਼ਰੀ ਪੜਾਅ ਵਿੱਚ ਨਿਗਮ ਹਾਊਸ ਨੇ ਆਖ਼ਿਰਕਾਰ ਇਹ ਕੰਮ ਨਿੱਜੀ ਕੰਪਨੀ ਨੂੰ ਸੌਂਪਣ ਦੀ ਮਨਜ਼ੂਰੀ ਦੇ ਦਿੱਤੀ। ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਨਿਗਮ ਪ੍ਰਸ਼ਾਸਨ ਨੇ ਦਲੀਲ ਦਿੱਤੀ ਕਿ ਤਕਨੀਕੀ ਸਰੋਤਾਂ ਅਤੇ ਮਾਹਿਰਤਾ ਦੀ ਕਮੀ ਕਾਰਨ ਨਿੱਜੀ ਏਜੰਸੀ ਰਾਹੀਂ ਹੀ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ।