ਆਰਿਆ ਮਾਡਲ ਸਕੂਲ ’ਚ ਕਰਵਾਇਆ ਵਿਸ਼ਵ ਸ਼ਾਂਤੀ ਯੱਗ
ਆਰੀਆ ਮਾਡਲ ਸਕੂਲ ਬਠਿੰਡਾ ਵਿੱਚ ਵਿਸ਼ਵ ਸ਼ਾਂਤੀ ਯੱਗ ਕਰਵਾਇਆ
Publish Date: Sun, 05 Apr 2026 05:57 PM (IST)
Updated Date: Mon, 06 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਤਵਾਰ ਨੂੰ ਆਰੀਆ ਪ੍ਰਤੀਨਿਧਿ ਸਭਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਧਾਨ ਅਸ਼ਵਨੀ ਮੋਂਗਾ ਦੀ ਅਗਵਾਈ ਵਿੱਚ ਵਿਸ਼ਵ ਸ਼ਾਂਤੀ ਯੱਗ ਅਤੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਚੱਲ ਰਹੇ ਯੁੱਧਾਂ ਨੂੰ ਖਤਮ ਕਰਨਾ ਅਤੇ ਸ਼ਾਂਤੀ ਦੀ ਸਥਾਪਨਾ ਲਈ ਸਮੂਹਕ ਪ੍ਰਾਰਥਨਾ ਕਰਨੀ ਸੀ। ਇਸ ਮੌਕੇ ‘ਤੇ ਸਕੂਲ ਦੀ ਪ੍ਰਬੰਧਕ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਵੱਲੋਂ ਸ਼ਾਂਤੀ ਗੀਤ ਅਤੇ ਸ਼ਾਂਤੀ ਪਾਠ ਵੀ ਪੇਸ਼ ਕੀਤਾ ਗਿਆ। ਅਸ਼ਵਨੀ ਮੋਂਗਾ ਨੇ ਕਿਹਾ ਕਿ ਭਾਰਤ ਹਮੇਸ਼ਾਂ ਤੋਂ ਸ਼ਾਂਤੀ ਦਾ ਸਮਰਥਕ ਰਿਹਾ ਹੈ ਅਤੇ ‘ਸਰਵੇ ਭਵੰਤੁ ਸੁਖਿਨਃ’ ਦੇ ਸਿਧਾਂਤ ‘ਤੇ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਨੇ ਰੂਸ-ਯੂਕਰੇਨ, ਇਜ਼ਰਾਇਲ-ਫ਼ਿਲਿਸਤੀਨ ਅਤੇ ਅਮਰੀਕਾ-ਈਰਾਨ ਵਿਚ ਚੱਲ ਰਹੇ ਤਣਾਅ ਦੇ ਜਲਦੀ ਖਤਮ ਹੋਣ ਦੀ ਕਾਮਨਾ ਕੀਤੀ, ਤਾਂ ਜੋ ਦੁਨੀਆ ਵਿੱਚ ਮੁੜ ਸ਼ਾਂਤੀ, ਸਾਂਝ ਅਤੇ ਭਾਈਚਾਰਾ ਕਾਇਮ ਹੋ ਸਕੇ। ਸਕੂਲ ਦੇ ਪ੍ਰਿੰਸੀਪਲ ਵਿਪਨ ਗਰਗ ਨੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਉਪ ਪ੍ਰਧਾਨ ਗੌਰੀ ਸ਼ੰਕਰ ਖਨਗਵਾਲ, ਉਪ ਪ੍ਰਧਾਨ ਵਿਨੋਦ ਗਰਗ, ਸਕੱਤਰ ਸੁਰਿੰਦਰ ਗਰਗ, ਜਨੇਸ਼ ਸਿੰਗਲਾ, ਰਾਕੇਸ਼ ਭੋਲਾ, ਧਰਮਪਾਲ ਰਲ੍ਹਣ, ਰੇਣੁ ਆਰਿਆ, ਬ੍ਰਿਜ ਮਹੇਤਾ, ਪ੍ਰੋ. ਰਮੇਸ਼ ਪਸਰੀਜਾ ਅਤੇ ਪਵਨ ਤਿਆਲ ਦਾ ਵਿਸ਼ੇਸ਼ ਯੋਗਦਾਨ ਰਿਹਾ।