ਜ਼ਮੀਨੀ ਝਗੜੇ ’ਚ ਵਿਅਕਤੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਤਿੰਨ ’ਤੇ ਕੇਸ
ਜਮੀਨੀ ਵਿਵਾਦ ਵਿੱਚ ਵਿਅਕਤੀ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਤਿੰਨ ਉੱਤੇ ਮਾਮਲਾ ਦਰਜ
Publish Date: Sun, 05 Apr 2026 05:46 PM (IST)
Updated Date: Mon, 06 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ’ਚ ਇਕ ਵਿਅਕਤੀ ਨੇ ਜ਼ਮੀਨੀ ਝਗੜੇ ਕਾਰਨ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੀੜਤ ਵਿਅਕਤੀ ਕੋਮਾ ਵਿੱਚ ਹੈ ਅਤੇ ਉਸਦਾ ਇਲਾਜ ਪਟਿਆਲਾ ਦੇ ਇਕ ਹਸਪਤਾਲ ’ਚ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਥਾਣਾ ਭਗਤ ਭਾਈਕਾ ਪੁਲਿਸ ਨੇ ਪੀੜਤ ਵਿਅਕਤੀ ਦੇ ਖ਼ੁਦਕੁਸ਼ੀ ਨੋਟ ਤੇ ਉਸਦੇ ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਸਮੇਂ ਤਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਦਿਆਂ ਪ੍ਰੀਤਪਾਲ ਸਿੰਘ ਵਾਸੀ ਪਿੰਡ ਦਿਆਲਪੁਰਾ ਨੇ ਦੱਸਿਆ ਕਿ ਉਸਦੇ ਪਿਤਾ ਜਗਜੀਤ ਸਿੰਘ ਨੇ 2 ਅਪ੍ਰੈਲ ਨੂੰ ਲੰਮੇ ਸਮੇਂ ਤੋਂ ਜ਼ਮੀਨੀ ਝਗੜੇ ਕਾਰਨ ਰਾਮ ਸਿੰਘ, ਅਵਤਾਰ ਸਿੰਘ ਵਾਸੀ ਪਿੰਡ ਗਿਲਜੇਵਾਲਾ, ਜਸਵਿੰਦਰ ਸਿੰਘ ਵਾਸੀ ਪਿੰਡ ਮੱਲਾ ਜ਼ਿਲ੍ਹਾ ਫਰੀਦਕੋਟ ਅਤੇ ਦੋ ਅਣਜਾਣ ਲੋਕਾਂ ਤੋਂ ਤੰਗ ਆ ਕੇ ਜਹਿਰੀਲੀ ਚੀਜ਼ ਨਿਗਲ ਲਈ। ਜਾਣਕਾਰੀ ਮਿਲਣ ‘ਤੇ ਉਸਨੇ ਆਪਣੇ ਪਿਤਾ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। 3 ਅਪ੍ਰੈਲ ਨੂੰ ਉਸਦੇ ਪਿਤਾ ਨੇ ਸੁਸਾਈਡ ਨੋਟ ਉਸਨੂੰ ਦਿੱਤਾ ਅਤੇ ਦੱਸਿਆ ਕਿ ਉਪਰੋਕਤ ਦੋਸ਼ੀਆਂ ਦੇ ਕਾਰਨ ਹੀ ਉਸਨੇ ਇਹ ਕਦਮ ਚੁੱਕਿਆ ਹੈ। ਪੀੜਤ ਵਿਅਕਤੀ ਦੀ ਹਾਲਤ ਹੋਰ ਗੰਭੀਰ ਹੋਣ ’ਤੇ ਉਸਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਉਹ ਵੈਂਟੀਲੇਟਰ ‘ਤੇ ਬੇਹੋਸ਼ੀ ਦੀ ਹਾਲਤ ’ਚ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।