ਮੌਸਮ ਖਰਾਬ, ਕਣਕ ਦੀ ਵਾਢੀ 'ਚ ਹੋ ਰਹੀ ਦੇਰੀ
ਮੌਸਮ ਖਰਾਬ ਹੋਣ ਕਾਰਨ ਕਣਕ ਦੀ ਵਾਢੀ 'ਚ ਹੋ ਰਹੀ ਦੇਰੀ
Publish Date: Sun, 05 Apr 2026 05:00 PM (IST)
Updated Date: Mon, 06 Apr 2026 04:02 AM (IST)

ਸੁਰੇਸ਼ ਕੁਮਾਰ ਹੈਪੀ , ਪੰਜਾਬੀ ਜਾਗਰਣ, ਮੌੜ ਮੰਡੀ : ਕਿਸਾਨ ਜਿਸ ਫਸਲ ਨੂੰ ਆਪਣੇ ਪੁੱਤਾਂ ਵਾਂਗ ਪਾਲ ਕੇ ਤਿਆਰ ਕਰ ਰਹੇ ਹਨ ਹੁਣ ਇਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਕਿਉਂਕਿ ਪੰਜਾਬ ਵਿੱਚ ਲਗਾਤਾਰ ਹੋ ਰਹੀ ਬੇਮੌਸਮੀ ਬਾਰਿਸ਼ ਕਾਰਨ ਖੇਤਾਂ ’ਚ ਖੜੀ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਲਗਾਤਾਰ ਹੋ ਰਹੀ ਬਾਰਿਸ਼ ਫਸਲ ਲਈ ਖਤਰਾ ਬਣਦੀ ਜਾ ਰਹੀ ਹੈ। ਹਰ ਰੋਜ਼ ਹੋ ਰਹੀ ਬੱਦਲਵਾਈ ਤੇ ਮੀਂਹ ਕਾਰਨ ਫ਼ਸਲ ਦੀ ਸਾਂਭ ਸੰਭਾਲ ਨੂੰ ਲੈ ਕੇ ਕਿਸਾਨਾਂ ਦੀ ਜਾਨ ਮੁੱਠੀ ’ਚ ਆਈ ਹੋਈ ਹੈ। ਖੇਤਾਂ ’ਚ ਖੜ੍ਹੀ ਫਸਲ ਦੇ ਡਿੱਗਣ ਨਾਲ ਦਾਣਿਆਂ ਦੇ ਕਾਲੇ ਪੈਣ ਦੀ ਸੰਭਾਵਨਾ ਵਧ ਗਈ ਹੈ। ਜੇਕਰ ਗੱਲ ਮੌੜ ਹਲਕੇ ਦੀ ਕਰੀਏ ਤਾਂ ਮੌੜ ਇਲਾਕੇ ਵਿੱਚ ਬੀਤੀ ਰਾਤ ਤੇਜ਼ ਹਵਾਵਾਂ ਅਤੇ ਮੀਂਹ ਨੇ ਖੇਤਾਂ ਵਿੱਚ ਖੜੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਸਬੰਧੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਬੱਗੀ ਅਤੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਘੁੰਮਣ ਨੇ ਦੱਸਦਿਆਂ ਕਿਹਾ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਅਗੇਤੀਆਂ ਕਣਕਾਂ ਤੇ ਜਿਨ੍ਹਾਂ ਕਣਕਾਂ ਨੂੰ ਪਾਣੀ ਲਗਾਇਆ ਗਿਆ ਸੀ, ਉਹ ਕਣਕਾਂ ਤੇਜ਼ ਹਵਾਵਾਂ ਕਾਰਨ ਡਿੱਗ ਗਈਆਂ ਹਨ। ਜਿਸ ਕਾਰਨ ਝਾੜ ਘਟਣ ਦੇ ਅਸਾਰ ਪੈਦਾ ਹੋ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬੇਮੌਸਮੇ ਮੀਂਹ ਪੈਣ ਕਾਰਨ ਜਿੱਥੇ ਕਣਕ ਦੀ ਫਸਲ ਦੀ ਵਾਢੀ ਵਿੱਚ ਦੇਰੀ ਹੋ ਰਹੀ ਹੈ। ਜੇਕਰ ਅਜਿਹਾ ਹਾਲ ਰਿਹਾ ਤਾਂ ਅਗਲੇ 10 ਤੋਂ 12 ਦਿਨਾਂ ਤੱਕ ਫਸਲ ਦੀ ਕਟਾਈ ਨਹੀਂ ਹੋਈ ਤਾਂ ਦੂਜੀਆਂ ਫਸਲਾਂ ਦੇ ਝਾੜ ਵੀ ਘੱਟ ਹੋ ਜਾਵੇਗਾ। ਫਸਲਾਂ ਵਿੱਚ ਹੋਣ ਵਾਲੀ ਕਮਾਈ ਤੋਂ ਹੀ ਕਿਸਾਨਾਂ ਦਾ ਘਰ ਚਲਦਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਅਤੇ ਸਬਜੀਆਂ ਦੇ ਹੋਏ ਨੁਕਸਾਨ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਹੋਰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।