- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰਾ ਘਰ ਮੇਰੇ ਨਾਮ” ਤਹਿਤ ਪਿੰਡ ਬੁਰਜ ਗਿੱਲ ਵਿੱਚ 244 ਪਰਿਵਾਰ ਬਣੇ ਕਾਨੂੰਨੀ ਮਾਲਕ

-‘ਮੇਰਾ ਘਰ ਮੇਰੇ ਨਾਮ’ ਤਹਿਤ ਪਿੰਡ ਬੁਰਜ ਗਿੱਲ ਦੇ 244 ਪਰਿਵਾਰਾਂ ਨੂੰ ਦਿੱਤੇ ਕਾਨੂੰਨੀ ਹੱਕ
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲੋਕ-ਪੱਖੀ ਯੋਜਨਾ “ਮੇਰਾ ਘਰ ਮੇਰੇ ਨਾਮ” ਹੇਠ ਹਲਕਾ ਰਾਮਪੁਰਾ ਫੂਲ ਦੇ ਪਿੰਡ ਬੁਰਜ ਗਿੱਲ ਵਿੱਚ ਵੱਡਾ ਵਿਕਾਸੀ ਮੀਲ ਪੱਥਰ ਸਥਾਪਤ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਪਿੰਡ ਦੇ 244 ਘਰਾਂ ਦੇ ਪ੍ਰਾਪਰਟੀ ਕਾਰਡ ਬਣਨ ਨਾਲ ਪਰਿਵਾਰਾਂ ਨੂੰ ਕਾਨੂੰਨੀ ਮਾਲਕੀ ਹੱਕ ਪ੍ਰਾਪਤ ਹੋ ਗਿਆ ਹੈ, ਜਿਸ ਨਾਲ ਸਾਲਾਂ ਪੁਰਾਣੀਆਂ ਚਿੰਤਾਵਾਂ ਦਾ ਅੰਤ ਹੋ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿਰਫ਼ ਚਾਰ ਸਾਲਾਂ ਵਿੱਚ ਆਪਣੇ ਵਾਅਦੇ ਪੂਰੇ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ‘‘ਮੇਰਾ ਘਰ ਮੇਰੇ ਨਾਮ’’ ਯੋਜਨਾ ਆਮ ਲੋਕਾਂ ਲਈ ਇਤਿਹਾਸਕ ਫੈਸਲਾ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਘਰਾਂ ‘ਤੇ ਪੂਰਾ ਕਾਨੂੰਨੀ ਹੱਕ ਮਿਲਿਆ ਹੈ।”
ਵਿਧਾਇਕ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਲਈ 300 ਯੂਨਿਟ ਮੁਫ਼ਤ ਬਿਜਲੀ ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਕਿਸਾਨਾਂ ਲਈ ਦਿਨ ਵੇਲੇ ਨਿਰਵਿਘਨ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੇ ਵਧੇਰੇ ਪ੍ਰਬੰਧ ਨਾਲ ਖੇਤੀਬਾੜੀ ਖੇਤਰ ਨੂੰ ਵੱਡਾ ਫ਼ਾਇਦਾ ਮਿਲਿਆ ਹੈ।
ਸਿੱਖਿਆ ਖੇਤਰ ਵਿੱਚ ਆਈ ਸਿੱਖਿਆ ਕ੍ਰਾਂਤੀ ਬਾਰੇ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸੁਵਿਧਾਵਾਂ, ਸਮਾਰਟ ਕਲਾਸਰੂਮ ਅਤੇ ਬਿਹਤਰ ਢਾਂਚੇ ਨਾਲ ਵਿਦਿਆਰਥੀਆਂ ਦਾ ਭਵਿੱਖ ਨਿਖਰ ਰਿਹਾ ਹੈ। ਸਿਹਤ ਸੇਵਾਵਾਂ ਲਈ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਰਾਹੀਂ ਲੱਖਾਂ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ ਮਿਲ ਰਹੀਆਂ ਹਨ, ਜਦਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਦਿੱਤਾ ਜਾ ਰਿਹਾ ਹੈ। ਰੁਜ਼ਗਾਰ ਦੇ ਖੇਤਰ ਵਿੱਚ ਵੀ ਸਰਕਾਰ ਨੇ ਯੋਗਤਾ ਦੇ ਆਧਾਰ ’ਤੇ ਨੌਜਵਾਨਾਂ ਨੂੰ ਸਿਫ਼ਾਰਸ਼ ਤੋਂ ਬਿਨਾਂ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਹਨ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਵਰਗੀਆਂ ਲੋਕ-ਹਿਤੈਸ਼ੀ ਯੋਜਨਾਵਾਂ ਵੀ ਲਾਗੂ ਕੀਤੀਆਂ ਹਨ। ਸਿੱਧੂ ਨੇ ਕਿਹਾ ਕਿ ਹਲਕੇ ਦੇ ਹੋਰ ਪਿੰਡਾਂ ਵਿੱਚ ਵੀ ਇਸ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਯੋਗ ਪਰਿਵਾਰ ਨੂੰ ਉਸਦਾ ਹੱਕ ਮਿਲ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਪਾਰਦਰਸ਼ਿਤਾ ਤੇ ਤੇਜ਼ੀ ਨਾਲ ਲੋਕਾਂ ਤਕ ਸੇਵਾਵਾਂ ਪਹੁੰਚਾਉਣ ਲਈ ਵਚਨਬੱਧ ਹੈ। ਅੰਤ ਵਿੱਚ ਉਨ੍ਹਾਂ ਪਿੰਡ ਬੁਰਜਵਿਧਾਇਕ ਬਲਕਾਰ ਗਿੱਲ ਦੇ ਵਸਨੀਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਰਟੀ ਕਾਰਡ ਨਾ ਸਿਰਫ਼ ਉਨ੍ਹਾਂ ਦੇ ਵਰਤਮਾਨ ਨੂੰ ਸੁਰੱਖਿਅਤ ਬਣਾਉਣਗੇ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਮਜ਼ਬੂਤ ਨੀਂਹ ਸਾਬਤ ਹੋਣਗੇ।