ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਬੰਦ ਕਰਨ ਵਿਧਾਇਕ : ਇੰਜ. ਰੁਪਿੰਦਰਜੀਤ ਸਿੰਘ
ਧਾਰਮਿਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਬੰਦ ਕਰਨ ਵਿਧਾਇਕ: ਇੰਜ. ਰੁਪਿੰਦਰਜੀਤ ਸਿੰਘ
Publish Date: Sat, 04 Apr 2026 07:24 PM (IST)
Updated Date: Sun, 05 Apr 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਗੋਨਿਆਣਾ ਵਿਖੇ ਮੰਦਰ ਨਾਲ ਜੁੜੇ ਧਾਰਮਿਕ ਮਾਮਲੇ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਇੰਜੀਨੀਅਰ ਰੁਪਿੰਦਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਭੁੱਚੋ ਹਲਕੇ ਦੇ ਵਿਧਾਇਕ ਦੀ ਦਖਲਅੰਦਾਜ਼ੀ ’ਤੇ ਸਵਾਲ ਚੁੱਕੇ ਹਨ। ਇਸ ਦਖ਼ਲਅੰਦਾਜ਼ੀ ਕਾਰਨ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ ਤੇ ਧਾਰਮਿਕ ਸੰਸਥਾਵਾਂ ਦੀ ਮਰਿਯਾਦਾ ਨੂੰ ਸੱਟ ਵੱਜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੀ ਸਰਕਾਰ ਖ਼ੁਦ ਨੂੰ ਧਰਮ ਨਿਰਪੱਖ ਦੱਸਦੀ ਹੈ, ਪਰ ਭੁੱਚੋ ਹਲਕੇ ਦੇ ਵਿਧਾਇਕ ਨੇ ਇਸ ਮਾਮਲੇ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਕੇ ਮੰਦਰ ’ਤੇ ਕਬਜ਼ਾ ਕਰਵਾ ਰਹੇ ਹਨ। ਇੰਜੀਨੀਅਰ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਮੰਦਰ ਨਾਲ ਸਬੰਧਤ ਮਾਮਲਾ ਲੋਕਾਂ ਵੱਲੋਂ ਸੁਲਝਾਉਣ ਲਈ ਬਣਾਈ ਗਈ ਕਮੇਟੀ ਰਾਹੀਂ ਨਿਪਟਾਇਆ ਜਾ ਰਿਹਾ ਸੀ। ਕਮੇਟੀ ਨੂੰ ਇਸ ਲਈ 21 ਦਿਨ ਦਾ ਸਮਾਂ ਵੀ ਦਿੱਤਾ ਗਿਆ ਸੀ, ਤਾਂ ਜੋ ਉਹ ਸ਼ਾਂਤੀਪੂਰਵਕ ਅਤੇ ਲੋਕਤੰਤਰਿਕ ਢੰਗ ਨਾਲ ਮਸਲਾ ਹੱਲ ਕਰ ਸਕਣ। ਇੰਜੀਨੀਅਰ ਦੇ ਮੁਤਾਬਕ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਮੇਟੀ ਦੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਸਮੱਰਥਕ ਨੂੰ ਧੱਕੇ ਨਾਲ ਸਿਰੋਪਾ ਦੇ ਕੇ ਪ੍ਰਧਾਨ ਬਣਵਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਲੋਕਾਂ ਵੱਲੋਂ ਗਠਿਤ ਕਮੇਟੀ ਅਤੇ ਧਾਰਮਿਕ ਪ੍ਰਕਿਰਿਆ ਦੀ ਮਰਿਆਦਾ ਦੇ ਖਿਲਾਫ਼ ਹੈ। ਭਾਜਪਾ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਬੰਦ ਨਾ ਕੀਤੀ ਗਈ, ਤਾਂ ਉਹ ਲੋਕਾਂ ਨਾਲ ਮਿਲ ਕੇ ਵਿਰੋਧ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਧਾਰਮਿਕ ਸੰਸਥਾਵਾਂ ਅਤੇ ਕਮੇਟੀਆਂ ਦੀ ਮਰਯਾਦਾ ਦਾ ਖ਼ਿਆਲ ਰੱਖਿਆ ਜਾਵੇ, ਤਾਂ ਜੋ ਲੋਕਾਂ ਵਿੱਚ ਧਾਰਮਿਕ ਭਾਈਚਾਰਾ ਬਰਕਰਾਰ ਰਹੇ।