ਆੜ੍ਹਤੀਆਂ ਨੇ ਬੈਂਕ ਤੇ ਫਰਮ ਖ਼ਿਲਾਫ਼ ਲਗਾਇਆ ਧਰਨਾ
ਆੜ੍ਹਤੀਆਂ ਨੇ ਬੈਂਕ ਅਤੇ ਫਰਮ ਖ਼ਿਲਾਫ਼ ਲਗਾਇਆ ਧਰਨਾ
Publish Date: Sat, 04 Apr 2026 06:07 PM (IST)
Updated Date: Sun, 05 Apr 2026 04:05 AM (IST)
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ:
ਸਥਾਨਕ ਸ਼ਹਿਰ ਦੇ ਇਕ ਸ਼ੈਲਰ ਮਾਲਕ ਨੂੰ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਬੈਂਕ ਦੀਆਂ ਕਿਸਤਾਂ ਅਦਾ ਨਹੀਂ ਹੋ ਸਕੀਆਂ ਅਤੇ ਆੜ੍ਹਤੀਆਂ ਦਾ ਕਰਜ਼ਾ ਵੀ ਵਾਪਸ ਨਹੀਂ ਕੀਤਾ ਜਾ ਸਕਿਆ। ਇਸ ਕਾਰਨ ਸ਼ੈਲਰ ਦੀ ਨਿਲਾਮੀ ਰੱਖ ਦਿੱਤੀ ਗਈ। ਇਸ ਦੇ ਰੋਸ ਵਜੋਂ ਆੜ੍ਹਤੀਆ ਐਸੋਸੀਏਸ਼ਨ ਗੋਨਿਆਣਾ ਦੇ ਆੜ੍ਹਤੀਆਂ ਅਤੇ ਗਣਪਤੀ ਰਾਈਸ ਮਿਲ ਦੇ ਮਾਲਕ ਵੱਲੋਂ ਸਾਂਝੇ ਤੌਰ ‘ਤੇ ਨੇਹੀਆਂਵਾਲਾ ਗਿਲਪਤੀ ਲਿੰਕ ਰੋਡ ‘ਤੇ ਸ਼ੈਲਰ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਬੈਂਕ ਤੇ ਸ਼ੈਲਰ ਖਰੀਦਣ ਵਾਲੀ ਫਰਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਗਣਪਤੀ ਰਾਈਸ ਮਿਲ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਆਪਣੇ ਕਾਰੋਬਾਰ ਲਈ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਸੀ, ਪਰ ਕਾਰੋਬਾਰ ਵਿੱਚ ਨੁਕਸਾਨ ਹੋਣ ਕਾਰਨ ਉਹ ਕਿਸ਼ਤਾਂ ਵਾਪਸ ਨਹੀਂ ਕਰ ਸਕਿਆ। ਉਸ ਨੇ ਕਈ ਵਾਰ ਬੈਂਕ ਅਧਿਕਾਰੀਆਂ ਕੋਲ ਅਪੀਲ ਕੀਤੀ ਕਿ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਸੈਟਲਮੈਂਟ ਕਰਕੇ ਬਕਾਇਆ ਰਕਮ ਅਦਾ ਕੀਤੀ ਜਾ ਸਕੇ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ।
ਬੀਤੇ ਦਿਨਾਂ ਵਿੱਚ ਬੈਂਕ ਵੱਲੋਂ ਸ਼ੈਲਰ ਦੀ ਓਪਨ ਬੋਲੀ ਲਗਾਈ ਗਈ, ਜਿਸ ਵਿੱਚ ਕਈ ਵਿਅਕਤੀਆਂ ਨੇ ਹਿੱਸਾ ਲਿਆ ਅਤੇ ਬੋਲੀ ਪੰਜ ਕਰੋੜ ਰੁਪਏ ਤੋਂ ਵੱਧ ਲੱਗੀ। ਉਸ ਨੇ ਦੋਸ਼ ਲਾਇਆ ਕਿ ਸ਼ੈਲਰ ਦੀ ਜ਼ਮੀਨ ਸਬੰਧੀ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ, ਫਿਰ ਵੀ ਬੈਂਕ ਨੇ ਇਸ ਦੀ ਪਰਵਾਹ ਨਾ ਕਰਦੇ ਹੋਏ ਨਿਲਾਮੀ ਕਰ ਦਿੱਤੀ ਅਤੇ ਇਸ ਨੂੰ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਕੁਮਾਰ ਰਾਜੂ ਨੇ ਮੰਗ ਕੀਤੀ ਕਿ ਬੈਂਕ ਆਪਣਾ ਫ਼ੈਸਲਾ ਵਾਪਸ ਲਵੇ ਅਤੇ ਮਾਮਲਾ ਉਨ੍ਹਾਂ ਦੇ ਹੱਕ ਵਿੱਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆੜ੍ਹਤੀਏ ਬਣਦੀ ਰਕਮ ਦੇਣ ਲਈ ਤਿਆਰ ਹਨ ਅਤੇ ਸ਼ੈਲਰ ਉਨ੍ਹਾਂ ਨੂੰ ਸੌਂਪਿਆ ਜਾਵੇ, ਕਿਉਂਕਿ ਵੱਡੀ ਗਿਣਤੀ ਵਿੱਚ ਆੜ੍ਹਤੀਆਂ ਦੇ ਵੀ ਪੈਸੇ ਸ਼ੈਲਰ ਮਾਲਕ ਕੋਲ ਬਕਾਇਆ ਹਨ। ਆੜ੍ਹਤੀਆਂ ਨੇ ਅੱਜ ਆਪਣੀਆਂ ਦੁਕਾਨਾਂ ਵੀ ਬੰਦ ਰੱਖੀਆਂ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਬੈਂਕ ਅਤੇ ਨਵੇਂ ਖਰੀਦਦਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਲਈ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਹੋਰ ਜਥੇਬੰਦੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ। ਦੂਜੇ ਪਾਸੇ ਨਵੇਂ ਖਰੀਦਦਾਰ ਨੇ ਕਿਹਾ ਕਿ ਉਸ ਨੇ ਸ਼ੈਲਰ ਨਿਯਮਾਂ ਅਨੁਸਾਰ ਓਪਨ ਬੋਲੀ ਰਾਹੀਂ ਖਰੀਦਿਆ ਹੈ ਅਤੇ ਇਸ ਵਿੱਚ ਉਸ ਦੀ ਕੋਈ ਗਲਤੀ ਨਹੀਂ ਹੈ। ਬੈਂਕ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਨਿਲਾਮੀ ਪੂਰੀ ਤਰ੍ਹਾਂ ਨਿਯਮਾਂ ਦੇ ਤਹਿਤ ਕੀਤੀ ਗਈ ਹੈ।