ਨਥਾਣਾ ਵਿਖੇ ਰੁਕ-ਰੁਕ ਕੇ ਪਿਆ, ਮੀਂਹ, ਕਈ ਥਾਈਂ ਗੜੇਮਾਰੀ
ਨਥਾਣਾ ਇਲਾਕੇ ਵਿੱਚ ਰੁਕ-ਰੁਕ ਕੇ ਮੀਂਹ, ਕਈ ਥਾਵਾਂ ’ਤੇ ਹੋਈ ਗੜੇਮਾਰੀ
Publish Date: Sat, 04 Apr 2026 06:06 PM (IST)
Updated Date: Sun, 05 Apr 2026 04:05 AM (IST)

ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਇੱਥੇ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅੱਜ ਦਿਨ ਭਰ ਮੌਸਮ ਬਦਲਿਆ ਦਿੱਸਿਆ। ਇਲਾਕੇ ਵਿੱਚ ਰੁਕ-ਰੁਕ ਕੇ ਹਲਕਾ ਮੀਂਹ ਪੈਂਦਾ ਰਿਹਾ, ਜਿਸ ਕਾਰਨ ਤਾਪਮਾਨ ਵਿੱਚ ਹਲਕੀ ਕਮੀ ਆਈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਮੀਂਹ ਕਾਰਨ ਖੇਤੀਬਾੜੀ ਨਾਲ ਜੁੜੇ ਕੰਮ ਪ੍ਰਭਾਵਿਤ ਹੋਏ ਅਤੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਇਸਦੇ ਨਾਲ ਹੀ ਕੁੱਝ ਥਾਵਾਂ ’ਤੇ ਗੜੇ ਪੈਣ ਦੀ ਖਬਰ ਵੀ ਹੈ। ਪਿੰਡ ਬੱਜੋਆਣਾ ਖੇਤਰ ਵਿੱਚ ਗੜੇਮਾਰੀ ਵੀ ਦਰਜ ਕੀਤੀ ਗਈ, ਜਿਸ ਨਾਲ ਖੇਤਾਂ ਵਿੱਚ ਖੜੀਆਂ ਫਸਲਾਂ ਨੂੰ ਨੁਕਸਾਨ ਪੁੱਜਣ ਦੀ ਸੰਭਾਵਨਾ ਬਣ ਗਈ ਹੈ। ਕਿਸਾਨਾਂ ਨੇ ਕਿਹਾ ਕਿ ਇਸ ਸਮੇਂ ਫਸਲ ਪੱਕ ਕੇ ਤਿਆਰ ਖੜੀ ਹੈ ਅਤੇ ਇਸ ਤਰ੍ਹਾਂ ਦੇ ਮੌਸਮ ਨਾਲ ਵਾਢੀ ਦੇ ਕੰਮ ’ਚ ਦੇਰੀ ਹੋ ਸਕਦੀ ਹੈ। ਸਥਾਨਕ ਲੋਕਾਂ ਮੁਤਾਬਕ ਸਵੇਰੇ ਤੋਂ ਹੀ ਆਸਮਾਨ ‘ਚ ਘਣੇ ਬੱਦਲ ਛਾਏ ਰਹੇ ਅਤੇ ਦਿਨ ਚੜ੍ਹਦੇ ਹੀ ਮੀਂਹ ਦੀਆਂ ਫੁਹਾਰਾਂ ਸ਼ੁਰੂ ਹੋ ਗਈਆਂ। ਦੁਪਹਿਰੇ ਤੇ ਸ਼ਾਮ ਵੇਲੇ ਕਈ ਵਾਰ ਮੀਂਹ ਤੇਜ਼ ਹੋ ਗਿਆ, ਜਿਸ ਨਾਲ ਸੜਕਾਂ ‘ਤੇ ਪਾਣੀ ਵੀ ਖੜ੍ਹਾ ਹੋ ਗਿਆ। ਮੌਸਮ ਦੇ ਇਸ ਅਚਾਨਕ ਬਦਲਾਅ ਕਾਰਨ ਕਿਸਾਨ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਜੇਕਰ ਫਸਲ ਨੂੰ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਲਈ ਜਲਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਮੌਸਮ ਦੀ ਸੰਭਾਵਨਾ ਬਣੀ ਹੋਈ ਹੈ, ਜਿਸ ਨੂੰ ਦੇਖਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।