ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹਮਲੇ ਦੇ ਵਿਰੋਧ ’ਚ ਰੋਸ ਮੁਜ਼ਾਹਰਾ
- ਚੰਡੀਗੜ੍ਹ ਵਿੱਚ ਭਾਜਪਾ ਮੁੱਖ ਦਫ਼ਤਰ ’ਤੇ ਹਮਲੇ ਦੇ ਵਿਰੋਧ ’ਚ ਬਠਿੰਡਾ ਵਿੱਚ ਪ੍ਰਦਰਸ਼ਨ
Publish Date: Sat, 04 Apr 2026 05:31 PM (IST)
Updated Date: Sun, 05 Apr 2026 04:05 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ’ਤੇ ਹੋਏ ਹਮਲੇ ਦੇ ਵਿਰੋਧ ’ਚ ਭਾਜਪਾ ਦੇ ਵਰਕਰਾਂ ਨੇ ਸਥਾਨਕ ਫਾਇਰ ਬ੍ਰਿਗੇਡ ਚੌਕ ’ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇ ਹੋਏ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰਾਜ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਇਹ ਰੋਸ ਮੁਜ਼ਾਹਰਾ ਭਾਜਪਾ ਦੇ ਰਾਸ਼ਟਰੀ ਕੌਂਸਲ ਮੈਂਬਰ ਐਡਵੋਕੇਟ ਮੋਹਨ ਲਾਲ ਗਰਗ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ। ਰੋਸ ਮੁਜ਼ਾਹਰੇ ਦੌਰਾਨ ਐਡਵੋਕੇਟ ਗਰਗ ਨੇ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਖਤਮ ਚੁੱਕੀ ਹੈ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਰਾਜ ਵਿੱਚ ਲਗਾਤਾਰ ਹੋ ਰਹੀਆਂ ਘਟਨਾਵਾਂ ਸਰਕਾਰ ਦੀ ਨਾਕਾਮੀ ਨੂੰ ਬੇਨਕਾਬ ਕਰਦੀਆਂ ਹਨ। ਕਦੇ ਡਾ. ਅੰਬੇਡਕਰ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਜਾਂਦਾ ਹੈ ਤੇ ਕਦੇ ਧਾਰਮਿਕ ਅਤੇ ਰਾਜਨੀਤਿਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਹਾਲ ਹੀ ਵਿੱਚ ਚੰਡੀਗੜ੍ਹ ਸਥਿਤ ਭਾਜਪਾ ਮੁੱਖ ਦਫ਼ਤਰ ’ਤੇ ਹੋਇਆ ਹਮਲਾ ਵੀ ਏਸੇ ਕੜੀ ਦਾ ਹਿੱਸਾ ਹੈ, ਜੋ ਬਹੁਤ ਚਿੰਤਾਜਨਕ ਹੈ।
ਸ਼ੁਕਰ ਹੈ ਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਰਾਜ ਵਿੱਚ ਅਸਮਾਜਿਕ ਅਤੇ ਅੱਤਵਾਦੀ ਤੱਤ ਸਰਗਰਮ ਹਨ। ਪ੍ਰੰਤੂ ਭਾਜਪਾ ਨੇ ਪੰਜਾਬ ਦੇ ਸਮਾਜਿਕ ਸੁਹਾਰਦ, ਆਪਸੀ ਭਾਈਚਾਰੇ ਅਤੇ ਅਮਨ ਸ਼ਾਂਤੀ ਤੇ ਪਹਿਰਾ ਦਿੱਤਾ ਹੈ ਤੇ ਦਿੰਦੀ ਰਹੇਗੀ। ਭਾਜਪਾ ਕਿਸੇ ਵੀ ਕੀਮਤ ਤੇ ਆਪਸੀ ਭਾਈਚਾਰੇ ਤੇ ਅਮਨ ਸ਼ਾਂਤੀ ਨੂੰ ਆਂਚ ਨਹੀਂ ਆਉਣ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਨ੍ਹਾਂ ਘਟਨਾਵਾਂ ’ਤੇ ਕੋਈ ਢੁੱਕਵੀਂ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਮੂਕਦਰਸ਼ਕ ਬਣੀ ਹੋਈ ਹੈ। ਭਾਜਪਾ ਆਗੂ ਨੇ ਕਿਹਾ ਕਿ ਕਿਸੇ ਵੀ ਰਾਜ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣਾ ਸਰਕਾਰ ਦੀ ਬੁਨਿਆਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਪੰਜਾਬ ਸਰਕਾਰ ਇਸ ਮੋਰਚੇ ’ਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਰਾਜ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਵਰਗੇ ਸਖਤ ਕਦਮਾਂ ’ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਉਮੇਸ਼ ਸ਼ਰਮਾ, ਬਲਦੇਵ ਸਿੰਘ ਅਕਲੀਆ, ਜਤਿੰਦਰ ਅਰੋੜਾ, ਰਾਕੇਸ਼ ਬਾਂਸਲ, ਦੀਪਕ ਕਲੋਈ, ਰਾਜੇਸ਼ ਬਾਂਸਲ, ਸ਼ਾਮ ਸੁੰਦਰ ਅਗਰਵਾਲ, ਸਰੋਜ ਰਾਣੀ, ਸੀਮਾ ਰਾਣੀ, ਸੀਮਾ ਸ਼ਰਮਾ ਆਦੀ ਵੀ ਮੌਜੂਦ ਸਨ।