ਪੀਕੇਐੱਸ ਇੰਟਰਨੈਸ਼ਨਲ ਸਕੂਲ ’ਚ ਫਾਇਰ ਸੇਫਟੀ ਜਾਗਰੂਕਤਾ ਕੈਂਪ ਲਾਇਆ
ਪੀਕੇਐਸ ਇੰਟਰਨੈਸ਼ਨਲ ਸਕੂਲ ਵਿੱਚ ਫਾਇਰ ਸੇਫਟੀ ਜਾਗਰੂਕਤਾ ਕੈਂਪ ਅਤੇ ਰਿਹਰਸਲ
Publish Date: Sat, 04 Apr 2026 05:30 PM (IST)
Updated Date: Sun, 05 Apr 2026 04:05 AM (IST)

ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ : ਬਠਿੰਡਾ-ਮਲੋਟ ਰੋਡ ‘ਤੇ ਸਥਿਤ ਪੀਕੇਐਸ. ਇੰਟਰਨੈਸ਼ਨਲ ਸਕੂਲ ਬੱਲੂਆਣਾ ਵਿਖੇ ਬੀਤੇ ਦਿਨੀਂ ਸਕੂਲ ਕੈਂਪਸ ’ਚ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਕ ਵਿਸ਼ੇਸ਼ 'ਫਾਇਰ ਸੇਫਟੀ ਜਾਗਰੂਕਤਾ ਅਤੇ ਰਿਹਰਸਲ' ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸਵੇਰੇ 11 ਵਜੇ ਕਰਵਾਇਆ, ਜਿਸ ’ਚ ਫਾਇਰ ਸੇਫਟੀ ਅਫ਼ਸਰ ਤੇ ਦੋ ਪੁਲਿਸ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਤੇ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਦੇ ਗੁਰ ਸਿਖਾਏ। ਮਾਹਿਰਾਂ ਅਨੁਸਾਰ ਅੱਗ ਕਈ ਕਾਰਨਾਂ ਕਰਕੇ ਲੱਗ ਸਕਦੀ ਹੈ, ਜਿਵੇਂ ਕਿ ਬਿਜਲੀ ਦੇ ਸਰਕਿਟ ਵਿੱਚ ਨੁਕਸ, ਕੈਮੀਕਲ, ਗਰਮੀ ਜਾਂ ਤਾਰਾਂ ਦਾ ਆਪਸ ’ਚ ਭਿੜਨਾ। ਉਹਨਾਂ ਨੇ ਵੱਖ-ਵੱਖ ਸ਼੍ਰੇਣੀਆਂ ਦੇ ਫਾਇਰ ਸਿਲੰਡਰਾਂ ਬਾਰੇ ਜਾਣਕਾਰੀ ਦਿੱਤੀ। ਮਲਟੀ-ਪਰਪਜ਼ ਸਿਲੰਡਰਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਿਲੰਡਰ ਲਗਭਗ ਹਰ ਤਰ੍ਹਾਂ ਦੀ ਅੱਗ (ਕੈਮੀਕਲ, ਹੀਟ ਆਦਿ) ਨੂੰ ਬੁਝਾਉਣ ਦੇ ਸਮਰੱਥ ਹਨ। ਬੀ ਤੇ ਸੀ ਸ਼੍ਰੇਣੀ ਦੇ ਸਿਲੰਡਰ ਖ਼ਾਸ ਤੌਰ 'ਤੇ ਮਹਿੰਗੇ ਇਲੈਕਟ੍ਰਾਨਿਕ ਉਪਕਰਨਾਂ ਜਿਵੇਂ ਇਨਵਰਟਰ, ਜਨਰੇਟਰ ਆਦਿ ਦੀ ਅੱਗ ਬੁਝਾਉਣ ਲਈ ਵਰਤੇ ਜਾਂਦੇ ਹਨ ਕਿਉਂਕਿ ਇਹ ਜੰਮਦੇ ਨਹੀਂ ਅਤੇ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ। ਸਮਾਗਮ ਦੌਰਾਨ ਪ੍ਰੈਕਟੀਕਲ ਰਿਹਰਸਲ ਕਰਕੇ ਦਿਖਾਇਆ ਕਿ ਗੈਸ ਸਿਲੰਡਰ ਨੂੰ ਕਿਵੇਂ ਚਲਾਉਣਾ ਹੈ। ਮਾਹਿਰਾ ਅਨੁਸਾਰ ਹਰ ਗੈਸ ਸਿਲੰਡਰ 'ਤੇ ਇੱਕ ਸੁਰੱਖਿਆ ਪਿੰਨ ਲੱਗੀ ਹੁੰਦੀ ਹੈ, ਜਿਸ ਨੂੰ ਕੱਢ ਕੇ ਤੇ ਪਾਈਪ ਦਾ ਮੂੰਹ ਅੱਗ ਵੱਲ ਕਰਕੇ ਲੀਵਰ ਨੂੰ ਦਬਾਉਣਾ ਹੁੰਦਾ ਹੈ। ਸਕੂਲ ਵਿੱਚ ਇੱਕ ਆਕਸੀਜਨ ਕੱਟਣ ਵਾਲਾ ਅਤੇ ਇੱਕ ਪਾਊਡਰ ਵਾਲਾ ਸਿਲੰਡਰ ਵਰਤੋਂ ਲਈ ਰੱਖਿਆ ਗਿਆ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਜੋਤ ਕੌਰ, ਚੇਅਰਮੈਨ ਮਹਿੰਦਰ ਸਿੰਘ ਭੋਲਾ, ਅਕੈਡਮਿਕ ਡਾਇਰੈਕਟਰ ਇੰਦਰਜੀਤ ਕੌਰ, ਹੈਡ ਕਲਰਕ ਕਮਲਜੀਤ ਸਿੰਘ ਤੇ ਅਧਿਆਪਕ ਮੌਜੂਦ ਸਨ। ਸਿਰਫ਼ ਅਧਿਆਪਕ ਹੀ ਨਹੀਂ, ਸਗੋਂ ਸਕੂਲ ਦੇ ਸਾਰੇ ਵੈਨ ਡਰਾਈਵਰ ਤੇ 'ਡੀ' ਕਲਾਸ ਦੇ ਵਰਕਰਾਂ ਨੇ ਵੀ ਇਸ ਸਿਖਲਾਈ ’ਚ ਵਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੇ ਅੰਤ ’ਚ ਚੇਅਰਮੈਨ ਮਹਿੰਦਰ ਸਿੰਘ ਭੋਲਾ ਨੇ ਫਾਇਰ ਸੇਫਟੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਜਾਣਕਾਰੀ ਹਰ ਇਨਸਾਨ ਲਈ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।