ਸੂਬਾ ਸਰਕਾਰ ਹਰ ਫਰੰਟ ’ਤੇ ਫੇਲ੍ਹ, ਅਮਨ ਕਾਨੂੰਨ ਦੀ ਸਥਿਤੀ ਖ਼ਰਾਬ : ਕੋਟੜਾ
ਆਪ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ, ਅਮਨ ਕਾਨੂੰਨ ਦੀ ਸਥਿਤੀ ਬੇਹੱਦ ਵਿਗੜੀ: ਅਵਤਾਰ ਸਿੰਘ ਕੋਟੜਾ
Publish Date: Sat, 04 Apr 2026 05:16 PM (IST)
Updated Date: Sun, 05 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਦੇ ਸੀਨੀਅਰ ਆਗੂ ਅਵਤਾਰ ਸਿੰਘ ਕੋਟੜਾ ਨੇ ਪੰਜਾਬ ਦੀ ‘ਆਪ’ ਦੀ ਸਰਕਾਰ ਦੀ ਕੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਫਰੰਟ ’ਤੇ ਫੇਲ੍ਹ ਰਹੀ ਹੈ, ਜਿਸ ਕਾਰਨ ਸਿਰਫ਼ ਆਮ ਲੋਕ ਹੀ ਨਹੀਂ, ਸਗੋਂ ਹਲਕੇ ਦੀ ਵਿਕਾਸ ਯੋਜਨਾਵਾਂ ਵੀ ਸਿਰੇ ਨਹੀਂ ਚੜ੍ਹ ਸਕੀਆਂ। ਬਠਿੰਡਾ ਦਿਹਾਤੀ ਹਲਕਾ ਵਿਕਾਸ ਦੇ ਮਾਮਲੇ ਵਿੱਚ ਕਾਫ਼ੀ ਪਿਛੜ ਗਿਆ ਹੈ। “ਆਪ ਸਰਕਾਰ ਨੇ ਇਸ ਹਲਕੇ ਵੱਲ ਕਦੇ ਧਿਆਨ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਬੇਰੁਜ਼ਗਾਰੀ, ਸੜਕਾਂ ਦੀ ਖਰਾਬ ਹਾਲਤ, ਪਾਣੀ ਅਤੇ ਬਿਜਲੀ ਸਹੂਲਤਾਂ ਦੀ ਘਾਟ, ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ। ਅਵਤਾਰ ਸਿੰਘ ਕੋਟੜਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਤੇ ਕਾਨੂੰਨੀ ਸਥਿਤੀ ਵੀ ਖਰਾਬ ਹੋ ਰਹੀ ਹੈ। ਗੈਂਗਵਾਰ, ਨਸ਼ਾ ਸਮੇਤ ਹੋਰ ਘਟਨਾਵਾਂ ਦੇ ਕਾਰਨ ਲੋਕਾਂ ਦੀ ਸੁਰੱਖਿਆ ਸਬੰਧੀ ਚਿੰਤਾ ਵੱਧ ਰਹੀ ਹੈ। ਹਰ ਰੋਜ਼ ਕਤਲ, ਲੁੱਟਖੋਹ ਦੀਆਂ ਘਟਨਾਵਾਂ ਵਧ ਰਹੀਆਂ ਹਨ, ਪਰ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ। ਕਾਂਗਰਸ ਸਰਕਾਰ ਬਣਨ ’ਤੇ ਹਲਕੇ ਦੇ ਵਿਕਾਸ ਲਈ ਪਹਿਲ ਦੇ ਅਧਾਰ ’ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਹਲਕੇ ਦੇ ਸਾਰੇ ਸਧਾਰਨ ਲੋਕਾਂ ਲਈ ਸਿਹਤ, ਸਿੱਖਿਆ, ਬਿਜਲੀ, ਪਾਣੀ ਤੇ ਸੜਕਾਂ ਵਰਗੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਤੁਰੰਤ ਯੋਜਨਾਵਾਂ ਬਣਾਈਆਂ ਜਾਣ। ‘ਆਪ’ ਦੀ ਸਰਕਾਰ ਨੇ ਆਪਣੇ ਚਾਰ ਸਾਲ ਦੇ ਰਾਜ ਦੌਰਾਨ ਪਿੰਡਾਂ ਅੰਦਰ ਵਿਕਾਸ ਲਈ ਇਕ ਇੱਟ ਤਕ ਨਹੀਂ ਲਗਾਈ। ਨੀਂਹ ਪੱਥਰਾਂ ’ਤੇ ਮਜ਼ਦੂਰਾਂ ਦਾ ਨਾਮ ਲਿਖਣ ਦੀਆਂ ਗੱਲਾਂ ਕਰਨ ਵਾਲੇ ‘ਆਪ’ ਦੇ ਆਗੂ ਲੋਕਾਂ ਨੂੰ ਮਿਲਦੇ ਤਕ ਨਹੀਂ। ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਤੇ ਗੁੰਮਰਾਹ ਕਰਕੇ ਭਗਵੰਤ ਮਾਨ ਨੇ ਵੋਟਾਂ ਲਈਆਂ ਸਨ ਜਿਸ ਕਾਰਨ ਲੋਕ ਹੁਣ ਆਪਣੇ ਆਪ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2027 ’ਚ ਪੰਜਾਬ ਦੇ ਲੋਕ ਆਪ ਨੂੰ ਮੂੰਹ ਨਹੀ ਲਾਉਣਗੇ, ਸਗੋਂ ਕਾਂਗਰਸ ਦੀ ਸਰਕਾਰ ਬਣਾਉਣਗੇ।