ਜਟਾਣਾ ਦੇ ਦੇਹਾਂਤ ’ਤੇ ਪ੍ਰਗਟਾਇਆ ਦੁੱਖ
ਜਟਾਣਾ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
Publish Date: Sat, 04 Apr 2026 05:08 PM (IST)
Updated Date: Sun, 05 Apr 2026 04:04 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਕਾਂਗਰਸੀ ਆਗੂ ਅਤੇ ਹਲਕਾ ਤਲਵੰਡੀ ਸਾਬੋ ਤੋਂ ਦੋ ਵਾਰ ਚੋਣ ਲੜ ਚੁੱਕੇ ਖੁਸ਼ਬਾਜ਼ ਸਿੰਘ ਜਟਾਣਾ ਦੇ ਦੇਹਾਂਤ ‘ਤੇ ਆਮ ਆਦਮੀ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਭਰਾ ਉਦੈਵੀਰ ਸਿੰਘ ਜਗਾ ਰਾਮ ਤੀਰਥ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਆਪਣੇ ਸ਼ੋਕ ਸੁਨੇਹੇ ’ਚ ਕਿਹਾ ਕਿ ਖੁਸ਼ਬਾਜ਼ ਸਿੰਘ ਜਟਾਣਾ ਇੱਕ ਸੂਝਵਾਨ, ਮਿਲਣਸਾਰ ਤੇ ਲੋਕਾਂ ਦੇ ਦੁੱਖ-ਸੁੱਖ ਵਿਚ ਹਰ ਵੇਲੇ ਖੜ੍ਹੇ ਰਹਿਣ ਵਾਲੇ ਆਗੂ ਸਨ। ਉਨ੍ਹਾਂ ਨੇ ਆਪਣੇ ਸਿਆਸੀ ਅਤੇ ਸਮਾਜਿਕ ਜੀਵਨ ਦੌਰਾਨ ਲੋਕ ਸੇਵਾ ਨੂੰ ਹਮੇਸ਼ਾਂ ਪਹਿਲ ਦਿੱਤੀ ਅਤੇ ਇਲਾਕੇ ਦੇ ਲੋਕਾਂ ਨਾਲ ਡੂੰਘਾ ਨਾਤਾ ਬਣਾਈ ਰੱਖਿਆ। ਉਦੈਵੀਰ ਸਿੰਘ ਜਗਾ ਨੇ ਕਿਹਾ ਕਿ ਭਾਵੇਂ ਰਾਜਨੀਤਿਕ ਤੌਰ ’ਤੇ ਉਨ੍ਹਾਂ ਦੀਆਂ ਪਾਰਟੀਆਂ ਵੱਖ-ਵੱਖ ਸਨ, ਪਰ ਇਸ ਦੇ ਬਾਵਜੂਦ ਖੁਸ਼ਬਾਜ਼ ਸਿੰਘ ਜਟਾਣਾ ਇੱਕ ਨਿੱਘੇ ਸੁਭਾਅ, ਨਿਮਰ ਅਤੇ ਸਭ ਨਾਲ ਪਿਆਰ ਨਾਲ ਮਿਲਣ ਵਾਲੇ ਮਨੁੱਖ ਸਨ। ਉਹਨਾਂ ਕਿਹਾ ਕਿ ਖੁਸ਼ਬਾਜ਼ ਸਿੰਘ ਜਟਾਣਾ ਨੇ ਆਪਣੇ ਸੁਭਾਅ ਅਤੇ ਸਿਆਸੀ ਜੀਵਨ ਰਾਹੀਂ ਹਰ ਵਰਗ ਦੇ ਲੋਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਕਿਹਾ ਕਿ ਖੁਸ਼ਬਾਜ਼ ਸਿੰਘ ਜਟਾਣਾ ਦੇ ਅਚਾਨਕ ਵਿਛੋੜੇ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਨੂੰ, ਸਗੋਂ ਪੂਰੇ ਹਲਕਾ ਤਲਵੰਡੀ ਸਾਬੋ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਪ੍ਰਦਾਨ ਕਰੇ। ਅੰਤ ’ਚ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਆਪਣੀ ਡੂੰਘੀ ਹਮਦਰਦੀ ਪ੍ਰਗਟਾਈ।