ਭੂ ਮਾਫੀਆ ਤੋਂ ਕਬਜ਼ਾ ਛਡਾਉਣ ਬਾਰੇ ਲੋਕ ਮੱਤ ਜਾਣਨ ਲਈ ਮੀਟਿੰਗ
ਭੂ ਮਾਫੀਆ ਤੋਂ ਕਬਜਾ ਛਡਾਉਣ ਬਾਰੇ ਲੋਕ ਮੱਤ ਜਾਨਣ ਲਈ ਕੀਤੀ ਮੀਟਿੰਗ
Publish Date: Fri, 03 Apr 2026 06:34 PM (IST)
Updated Date: Sat, 04 Apr 2026 04:08 AM (IST)

ਸੁਰੇਸ਼ ਕੁਮਾਰ ਹੈਪੀ ,ਪੰਜਾਬੀ ਜਾਗਰਣ, ਮੌੜ ਮੰਡੀ : ਪਿੰਡ ਭਾਈ ਬਖਤੌਰ ਵਿਖੇ ਅੱਜ ਭਾਕਿਯੂ ਏਕਤਾ ਉਗਰਾਹਾਂ (ਬਲਾਕ ਮੌੜ) ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਬਲਾਕ ਮੌੜ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਦੀ ਅਗਵਾਈ ਹੇਠ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਪਿੰਡ ਵਾਸੀ ਕਿਸਾਨਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪੀੜਤ ਕਿਸਾਨ ਨਿਰਮਲ ਸਿੰਘ ਤੇ ਨਿਰਭੈ ਸਿੰਘ ਪੁੱਤਰ ਮੈਗਲ ਸਿੰਘ ਵਾਸੀ ਭਾਈ ਬਖਤੌਰ ਵੱਲੋਂ ਆਪਣੀ 17 ਕਨਾਲ ਜ਼ਮੀਨ ‘ਤੇ ਭੂ ਮਾਫੀਆ (ਕੁਲਵੰਤ ਸਿੰਘ ਵਗੈਰਾ ਤਲਵੰਡੀ ਸਾਬੋ) ਵੱਲੋਂ ਧੱਕੇ ਨਾਲ ਕੀਤੇ ਨਜਾਇਜ਼ ਕਬਜ਼ੇ ਸੰਬੰਧੀ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਵੱਲੋਂ ਜ਼ਮੀਨ ਦੇ ਕਾਗ਼ਜ਼ ਅਤੇ ਅਦਾਲਤੀ ਹੁਕਮ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਦੇ ਆਧਾਰ ‘ਤੇ ਪਹਿਲਾਂ 24 ਨਵੰਬਰ 2025 ਨੂੰ ਤਹਿਸੀਲਦਾਰ ਮੌੜ ਵੱਲੋਂ ਆਪਣੇ ਹੋਰ ਕਰਮਚਾਰੀਆਂ ਸਮੇਤ ਜ਼ਮੀਨ ‘ਤੇ ਦੁਬਾਰਾ ਕਬਜ਼ਾ ਕਰਵਾਇਆ ਗਿਆ ਸੀ ਪਰ ਕੁਲਵੰਤ ਸਿੰਘ, ਮਲਕੀਤ ਸਿੰਘ, ਸੁਖਮੰਦਰ ਸਿੰਘ ਪੁਤਰਾਨ ਕਾਕਾ ਸਿੰਘ ਵਾਸੀ ਤਲਵੰਡੀ ਸਾਬੋ ਨੇ ਫਿਰ ਜ਼ਮੀਨ ’ਚ ਆ ਕੇ ਫਾਇਰਿੰਗ ਕੀਤੀ ਤੇ ਧੱਕੇ ਨਾਲ ਕਬਜ਼ਾ ਕਰ ਲਿਆ। ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਮੀਟਿੰਗ ਦੌਰਾਨ ਪਿੰਡ ਪੱਧਰ ’ਤੇ ਲੋਕ ਰਾਇ ਲਈ ਗਈ, ਜਿਸ ਵਿੱਚ ਸਾਰਿਆਂ ਨੇ ਇਕਸੁਰ ਹੋ ਕੇ ਕਿਹਾ ਕਿ ਪੀੜਤ ਕਿਸਾਨਾਂ ਨਾਲ ਧੱਕਾ ਹੋਇਆ ਹੈ ਤੇ ਇਨ੍ਹਾਂ ਦੀ ਪੂਰਨ ਹਮਾਇਤ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਕਿ ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਲੋੜ ਪੈਣ ‘ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿਮੇਵਾਰੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜਸਵੀਰ ਸਿੰਘ ਸੇਮਾ, ਬਲਾਕ ਜਰਨਲ ਸਕੱਤਰ ਗੁਰਮੇਲ ਸਿੰਘ ਬੱਬਲੀ ਬਲਾਕ ਆਗੂ ਗੁਰਜੀਤ ਸਿੰਘ ਬੰਗੇਹਰ, ਸਿੰਕਦਰ ਸਿੰਘ ਘੁੰਮਣ ਕਲਾਂ, ਗੁਰਦੀਪ ਸਿੰਘ ਮਾਈਸਰਖਾਨਾ, ਭੋਲਾ ਸਿੰਘ ਮਾੜੀ, ਭੋਲਾ ਸਿੰਘ ਰਾਏ ਖਾਨਾ ਤੇ ਪਿੰਡ ਪ੍ਰਧਾਨ ਭਿੰਦਰ ਸਿੰਘ, ਸੁਖਦੇਵ ਸਿੰਘ, ਫੌਜਾ ਸਿੰਘ ਤੇ ਪਿੰਡ ਦੇ ਕਿਸਾਨ ਮਜ਼ਦੂਰ ਤੇ ਔਰਤਾਂ ਸ਼ਾਮਲ ਸਨ।