ਅਵਤਾਰ ਸਿੰਘ ਦੀ ਸੇਵਾਮੁਕਤੀ ’ਤੇ ਕਰਵਾਇਆ ਸਨਮਾਨ ਸਮਾਗਮ
ਅਵਤਾਰ ਸਿੰਘ ਦੀ ਸੇਵਾ ਮੁਕਤੀ ਮੌਕੇ ਕਰਵਾਇਆ ਵਿਸ਼ੇਸ਼ ਸਨਮਾਨ ਸਮਾਰੋਹ
Publish Date: Fri, 03 Apr 2026 06:06 PM (IST)
Updated Date: Sat, 04 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰਕਾਰੀ ਹਾਈ ਸਕੂਲ ਲਾਲੇਆਣਾ ਵਿੱਚ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਸਿੱਖਿਆ ਵਿਭਾਗ ਦੇ ਇਮਾਨਦਾਰ ਅਤੇ ਮਿਹਨਤੀ ਅਧਿਆਪਕ ਅਵਤਾਰ ਸਿੰਘ ਆਪਣੀ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਸਕੂਲ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਨੂੰ ਭਾਵੁਕ ਵਿਦਾਈ ਦਿੱਤੀ ਗਈ। ਉਨ੍ਹਾਂ ਆਪਣੀ ਅਧਿਆਪਕ ਸੇਵਾ ਦੀ ਸ਼ੁਰੂਆਤ 31 ਅਗਸਤ 1994 ਨੂੰ ਟੌਹੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਮੈਥ ਮਾਸਟਰ ਵਜੋਂ ਕੀਤੀ। ਉਹ ਇੱਥੇ 30 ਸਤੰਬਰ 1997 ਤਕ ਸੇਵਾ ਨਿਭਾਉਂਦੇ ਰਹੇ।
ਇਸ ਤੋਂ ਬਾਅਦ 1 ਸਤੰਬਰ 1997 ਨੂੰ ਉਨ੍ਹਾਂ ਦੀ ਬਦਲੀ ਕੁਸਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋ ਗਈ, ਜਿੱਥੇ ਉਨ੍ਹਾਂ ਨੇ ਲਗਭਗ 10 ਸਾਲ 16 ਜੁਲਾਈ 2007 ਤੱਕ ਬਤੌਰ ਮੈਥ ਮਾਸਟਰ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਅਤ਼ੇ ਗੁਰਨਾਮ ਕੌਰ ਸਾਇੰਸ ਅਧਿਆਪਕ ਦੇ ਸਹਿਯੋਗ ਨਾਲ ਸਕੂਲ ਵਿਚ ਚੰਗੇ ਸੁਧਾਰ ਕੀਤੇ। 17 ਜੁਲਾਈ 2007 ਨੂੰ ਉਨ੍ਹਾਂ ਦੀ ਬਦਲੀ ਬਠਿੰਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਉਣਾ ਪੁਜਾਰੀਆਂ ਵਿਚ ਹੋਈ, ਜਿੱਥੇ ਉਨ੍ਹਾਂ ਨੇ 23 ਮਾਰਚ 2025 ਤਕ ਲੰਬਾ ਸਮਾਂ ਸੇਵਾ ਕਰਦਿਆਂ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਵਿੱਚ ਮਜ਼ਬੂਤ ਨੀਂਹ ਦਿੱਤੀ। ਉਨ੍ਹਾਂ ਦੀ ਮਿਹਨਤ ਤੇ ਲਗਨ ਕਾਰਨ ਕਈ ਵਿਦਿਆਰਥੀਆਂ ਨੇ ਉੱਚ ਦਰਜੇ ਦੀ ਸਫਲਤਾ ਹਾਸਲ ਕੀਤੀ। 24 ਮਾਰਚ 2025 ਨੂੰ ਅਵਤਾਰ ਸਿੰਘ ਦੀ ਤਰੱਕੀ ਹੋਈ ਤੇ ਉਨ੍ਹਾਂ ਨੂੰ ਸਰਕਾਰੀ ਹਾਈ ਸਕੂਲ ਲਾਲੇਆਣਾ ਵਿੱਚ ਹੈਡਮਾਸਟਰ ਵਜੋਂ ਤਾਇਨਾਤ ਕੀਤਾ ਗਿਆ। ਇੱਥੇ ਉਨ੍ਹਾਂ ਨੇ ਇਕ ਸਾਲ ਤੋਂ ਵੱਧ ਸਮੇਂ ਤਕ ਸਕੂਲ ਦੇ ਪ੍ਰਬੰਧ ਅਤੇ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਲਈ ਅਹਿਮ ਯੋਗਦਾਨ ਪਾਇਆ। ਸੇਵਾਮੁਕਤੀ ਸਮਾਗਮ ਦੌਰਾਨ ਸਕੂਲ ਦੇ ਸੀਨੀਅਰ ਅਧਿਆਪਕ ਜਗਤਾਰ ਸਿੰਘ ਨੇ ਅਵਤਾਰ ਸਿੰਘ ਦੀ ਇਮਾਨਦਾਰੀ, ਸਮਰਪਣ ਤੇ ਸਿੱਖਿਆ ਪ੍ਰਤੀ ਉਨ੍ਹਾਂ ਦੀ ਲਗਨ ਦੀ ਖੂਬ ਪ੍ਰਸ਼ੰਸਾ ਕੀਤੀ। ਅਵਤਾਰ ਸਿੰਘ ਵਰਗੇ ਅਧਿਆਪਕ ਸਿੱਖਿਆ ਵਿਭਾਗ ਲਈ ਪ੍ਰੇਰਣਾ ਸ੍ਰੋਤ ਹੁੰਦੇ ਹਨ। ਇਸ ਮੌਕੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਵੀ ਸ਼ਮੂਲੀਅਤ ਕੀਤੀ। ਅਧਿਆਪਕਾਂ ਤੇ ਸਟਾਫ ਮੈਂਬਰਾਂ ਨੇ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਸਮਾਗਮ ਦੇ ਅੰਤ ਵਿੱਚ ਅਵਤਾਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਲੰਬੀ ਤੇ ਸ਼ਾਨਦਾਰ ਸੇਵਾ ਲਈ ਧੰਨਵਾਦ ਕੀਤਾ ਗਿਆ।