ਪਾਣੀ ਨਾਲ ਸਬੰਧਤ ਬਿਮਾਰੀਆਂ ਬਾਰੇ ਕੀਤੀ ਚਰਚਾ
ਪਾਣੀ ਨਾਲ ਸਬੰਧਤ ਬਿਮਾਰੀਆਂ ਬਾਰੇ ਕੀਤੀ ਚਰਚਾ
Publish Date: Fri, 03 Apr 2026 06:04 PM (IST)
Updated Date: Sat, 04 Apr 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਹੈਲਥ ਸੁਪਰਵਾਈਜ਼ਰਾਂ ਦੀ ਮੀਟਿੰਗ ਕੀਤੀ। ਮੀਟਿੰਗ ਦੀ ਅਗਵਾਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਵੱਲੋਂ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਹੈਲਥ ਸੁਪਰਵਾਈਜ਼ਰਾਂ ਨੇ ਹਿੱਸਾ ਲਿਆ। ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ, ਜਿਸ ਵਿੱਚ ਖਾਸ ਤੌਰ ’ਤੇ ਵੈਕਟਰ ਬੌਰਨ ਬਿਮਾਰੀਆਂ (ਡੇਂਗੂ, ਮਲੇਰੀਆ), ਹੈਪੇਟਾਈਟਿਸ, ਸਫ਼ਾਈ ਮੁਹਿੰਮਾਂ ‘ਤੇ ਚਰਚਾ ਕੀਤੀ। ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਵੈਕਟਰ ਬੌਰਨ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਬਿਮਾਰੀਆਂ ਮੱਛਰਾਂ ਦੇ ਕਟਣ ਨਾਲ ਫੈਲਦੀਆਂ ਹਨ ਤੇ ਸਾਵਧਾਨੀਆਂ ਅਪਣਾ ਕੇ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਵੱਲੋਂ ਹੈਲਥ ਸੁਪਰਵਾਇਜਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਖੇਤਰਾਂ ਵਿੱਚ ਡੇਂਗੂ, ਹੈਪੇਟਾਇਟਿਸ ਬੀ ਅਤੇ ਸੀ ਦੀ ਸਮੇਂ ਸਿਰ ਜਾਂਚ ਅਤੇ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਘਰ-ਘਰ ਸਰਵੇ ਅਤੇ ਲੋਕਾਂ ਨੂੰ ਸਫ਼ਾਈ ਤੇ ਪਾਣੀ ਖੜ੍ਹਾ ਨਾ ਹੋਣ ਦੇ ਪ੍ਰਤੀ ਜਾਗਰੂਕ ਕਰਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਬਾਹਾਂ ਵਾਲੇ ਕੱਪੜੇ ਪਹਿਨਣ, ਮੱਛਰਦਾਨੀ ਦੀ ਵਰਤੋਂ ਕਰਨ ਅਤੇ ਮੱਛਰ ਭਜਾਉਣ ਵਾਲੀਆਂ ਦਵਾਈਆਂ/ਕ੍ਰੀਮਾਂ ਦੀ ਵਰਤੋਂ ਕਰਨ। ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਜੋੜਾਂ ਵਿੱਚ ਦਰਦ ਜਾਂ ਹੋਰ ਲੱਛਣ ਨਜ਼ਰ ਆਉਣ ’ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਸੰਪਰਕ ਕੀਤਾ ਜਾਵੇ।