ਐੱਫਐਂਡਸੀਸੀ ਨੇ 71.44 ਕਰੋੜ ਦੇ ਵਰਕ ਆਰਡਰਾਂ ਨੂੰ ਦਿੱਤੀ ਮਨਜ਼ੂਰੀ
ਐਫਐਂਡਸੀਸੀ ਨੇ 71.44 ਕਰੋੜ ਦੇ ਵਰਕ ਆਰਡਰਾਂ ਨੂੰ ਦਿੱਤੀ ਮੰਨਜ਼ੂਰੀ
Publish Date: Fri, 03 Apr 2026 05:14 PM (IST)
Updated Date: Sat, 04 Apr 2026 04:05 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਨਗਰ ਨਿਗਮ ਦੀ ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ (ਐਫਐਂਡਸੀਸੀ) ਦੀ ਮੀਟਿੰਗ ਦੌਰਾਨ ਵੱਡੇ ਪੱਧਰ ’ਤੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ। ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਕੁੱਲ 27 ਏਜੰਡਿਆਂ ’ਤੇ ਵਿਚਾਰ ਕਰਦੇ ਹੋਏ ਲਗਭਗ 71.44 ਕਰੋੜ ਰੁਪਏ ਦੇ ਵਰਕ ਆਰਡਰ ਜਾਰੀ ਕਰਨ ਦੀ ਮਨਜ਼ੂਰੀ ਮਿਲੀ। ਚੋਣਾਂ ਤੋਂ ਪਹਿਲਾਂ ਲੰਬਿਤ ਪ੍ਰੋਜੈਕਟਾਂ ਨੂੰ ਜਲਦੀ ਮੁਕੰਮਲ ਕਰਨ ਲਈ ਨਿਗਮ ਵੱਲੋਂ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ। ਸਭ ਤੋਂ ਵੱਡੀ ਮਨਜ਼ੂਰੀ ਸ਼ਹਿਰ ਦੀ ਵਾਟਰ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਦੇ ਓਪਰੇਸ਼ਨ ਅਤੇ ਮੈਂਟੀਨੈਂਸ ਲਈ ਦਿੱਤੀ ਗਈ, ਜਿਸ ‘ਤੇ 63.75 ਕਰੋੜ ਰੁਪਏ ਖਰਚੇ ਜਾਣਗੇ। ਇਹ ਕੰਮ ਤਿੰਨ ਸਾਲਾਂ ਲਈ ਠੇਕੇ ’ਤੇ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਕਮੇਟੀ ਨੇ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਅਤੇ ਮੁਰੰਮਤ, ਪਾਣੀ ਦੇ ਟੈਂਕਰਾਂ ਦੀ ਵਿਵਸਥਾ, ਸੀਵਰੇਜ ਲਾਈਨਾਂ ਬਿਛਾਉਣ, ਨੇਚਰ ਪਾਰਕ ਵਿਕਾਸ, ਪਾਰਕਾਂ ਦੀ ਸੰਭਾਲ, ਚੌਰਾਹਿਆਂ ਦੀ ਸੁਧਾਰ ਤੇ ਇੰਟਰਲਾਕਿੰਗ ਟਾਇਲਾਂ ਲਗਾਉਣ ਵਰਗੇ ਕਈ ਮਹੱਤਵਪੂਰਨ ਕੰਮਾਂ ਨੂੰ ਹਰੀ ਝੰਡੀ ਦਿੱਤੀ। ਮੀਟਿੰਗ ਵਿੱਚ ਮਸ਼ੀਨਰੀ ਕਿਰਾਏ ‘ਤੇ ਲੈਣ, ਬਿਲਡਿੰਗ ਬ੍ਰਾਂਚ ਲਈ ਆਲ-ਇਨ-ਵਨ ਕੰਪਿਊਟਰ, ਪ੍ਰਿੰਟਰ ਤੇ ਸਕੈਨਰ ਖਰੀਦਣ ਤੇ ਈਟੀਪੀ ਦੀ ਮੁਰੰਮਤ ਲਈ 17.89 ਲੱਖ ਰੁਪਏ ਖਰਚ ਕਰਨ ਦੀ ਮਨਜ਼ੂਰੀ ਵੀ ਦਿੱਤੀ। ਇਕ ਸਾਲ ਲਈ ਸਟੇਸ਼ਨਰੀ ਖਰੀਦਣ ਵਾਸਤੇ ਕਰੀਬ 29 ਲੱਖ ਰੁਪਏ ਦਾ ਬਜਟ ਵੀ ਪਾਸ ਕੀਤਾ ਗਿਆ। ਗਣਪਤੀ ਐਨਕਲੇਵ ਵਿੱਚ 150 ਐਮਐਮ ਪਾਈਪਲਾਈਨ ਲਈ 12.95 ਲੱਖ ਰੁਪਏ, ਵੱਖ-ਵੱਖ ਵਾਰਡਾਂ ਵਿੱਚ ਐੱਲਈਡੀ ਸਟਰੀਟ ਲਾਈਟਾਂ ਲਈ 41.51 ਲੱਖ ਰੁਪਏ ਮਨਜ਼ੂਰ ਕੀਤੇ ਗਏ। ਜੋਨ-4 ਵਿੱਚ ਪਾਰਕਾਂ ਦੀ ਮੁਰੰਮਤ ਲਈ 30 ਲੱਖ ਤੇ ਜ਼ੋਨ-6 ਦੇ ਸੁੱਖਪੀਰ ਰੋਡ ‘ਤੇ ਇੰਟਰਲਾਕਿੰਗ ਟਾਇਲਾਂ ਲਈ 22.36 ਲੱਖ ਰੁਪਏ ਦੇ ਟੈਂਡਰ ਮਨਜ਼ੂਰ ਹੋਏ। ਇਸ ਤਰ੍ਹਾਂ ਹੀ ਉਧਮ ਸਿੰਘ ਨਗਰ ਵਿੱਚ 45.30 ਲੱਖ ਰੁਪਏ ਨਾਲ ਕਮਿਊਨਿਟੀ ਸੈਂਟਰ ਬਣਾਇਆ ਜਾਵੇਗਾ, ਜਦਕਿ ਸਿਵਲ ਲਾਈਨਜ਼ ਖੇਤਰ ਵਿੱਚ ਸੜਕਾਂ ਦੇ ਕੰਮ ਲਈ 9.70 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਵਿਸ਼ਵਾਸ ਕਾਲੋਨੀ ਵਿੱਚ ਭਗਵਾਨ ਪਰਸ਼ੁਰਾਮ ਭਵਨ ਲਈ 10.25 ਲੱਖ ਰੁਪਏ ਵੀ ਮਨਜ਼ੂਰ ਕੀਤੇ ਗਏ। ਕਮੇਟੀ ਵੱਲੋਂ ਸਾਰੇ ਸਬੰਧਤ ਵਿਭਾਗਾਂ ਨੂੰ ਕੰਮ ਜਲਦੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਸ਼ਹਿਰ ਦੇ ਵਿਕਾਸ ਕਾਰਜ ਸਮੇਂ ਸਿਰ ਪੂਰੇ ਹੋ ਸਕਣ।