ਸ਼੍ਰੀ ਹਨੂੰਮਾਨ ਜਨਮਉਤਸਵ ’ਤੇ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ
ਸ੍ਰੀ ਹਨੂੰਮਾਨ ਜਨਮੋਤਸਵ ‘ਤੇ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ
Publish Date: Thu, 02 Apr 2026 06:42 PM (IST)
Updated Date: Thu, 02 Apr 2026 06:46 PM (IST)
- ਸ਼ਰਧਾਲੂਆਂ ਲਈ ਜਗ੍ਹਾ-ਜਗ੍ਹਾ ’ਤੇ ਲਾਏ ਗਏ ਲੰਗਰ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵੀਰਵਾਰ ਨੂੰ ਸ਼੍ਰੀ ਹਨੂੰਮਾਨ ਦੇ ਜਨਮਉਤਸਵ ਦੇ ਮੌਕੇ ’ਤੇ ਸ਼ਹਿਰ ਦੇ ਕਈ ਮੰਦਰਾਂ ਅਤੇ ਵੱਖ-ਵੱਖ ਅਸਥਾਨਾਂ ’ਤੇ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਸਵੇਰੇ ਤੋਂ ਹੀ ਸ਼ਰਧਾਲੂ ਬਾਲਾ ਜੀ ਦੇ ਦਰਸ਼ਨ ਕਰਨ ਅਤੇ ਅਸੀਸ ਪ੍ਰਾਪਤ ਕਰਨ ਲਈ ਮੰਦਰਾਂ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਹਨੂੰਮਾਨ ਜੈਅੰਤੀ ਸਬੰਧੀ ਕਈ ਥਾਵਾਂ ਤੋਂ ਪੈਦਲ ਝੰਡਾ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਗਈਆਂ, ਜੋ ਗੋਨਿਆਣਾ ਮੰਡੀ ਸਥਿਤ ਇੱਛਾਪੂਰਣ ਹਨੂਮਾਨ ਮੰਦਰ ਵਿਖੇ ਜਾ ਕੇ ਸਮਾਪਤ ਹੋਈਆਂ। ਇਸ ਦੌਰਾਨ ਸ਼ਰਧਾਲੂ ਬਾਲਾ ਜੀ ਦੇ ਭਜਨਾਂ ’ਚ ਮਗਨ ਹੋ ਕੇ ਖੂਬ ਝੂਮਦੇ ਰਹੇ ਅਤੇ ਬੈਂਡ-ਵਾਜਿਆਂ ਦੀਆਂ ਧੁਨਾਂ ਨਾਲ ਸਾਰਾ ਸ਼ਹਿਰ ਗੂੰਜਦਾ ਰਿਹਾ।
ਇਨ੍ਹਾਂ ਯਾਤਰਾਵਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ, ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਾਮਲ ਹੋਏ। ਸ਼ਰਧਾਲੂਆਂ ਨੇ ਬਾਲਾ ਜੀ ਦੇ ਜੈਕਾਰਿਆਂ ਦੇ ਦਰਮਿਆਨ ਮੰਦਰ ਪਹੁੰਚ ਕੇ ਦਰਸ਼ਨ ਕੀਤੇ ਅਤੇ ਅਸੀਸ ਪ੍ਰਾਪਤ ਕੀਤਾ। ਬਠਿੰਡਾ ਤੋਂ ਗੋਨਿਆਣਾ ਮੰਡੀ ਤਕ ਦੇ ਰਸਤੇ ਵਿੱਚ ਸ਼ੋਭਾ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ’ਤੇ ਲੰਗਰ ਲਾਏ ਗਏ। ਇਨ੍ਹਾਂ ਵਿੱਚ ਜਲਜੀਰਾ, ਗੰਨੇ ਦਾ ਰਸ, ਫਲ, ਮਿਠਾਈਆਂ ਅਤੇ ਕੁਲਫੀਆਂ ਆਦਿ ਵੰਡੀਆਂ ਗਈਆਂ, ਜਿਸ ਨਾਲ ਸੇਵਾ ਭਾਵਨਾ ਦੀ ਵੀ ਝਲਕ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਬਠਿੰਡਾ ਦੇ ਮਹਾਰਾਜਾ ਅਗਰਸੈਨ ਰੋਡ ’ਤੇ ਮਹਾਰਾਜਾ ਅਗਰਸੈਨ ਪਾਰਕ ਦੇ ਬਾਹਰ ਪ੍ਰਭੂ ਸ਼੍ਰੀ ਰਾਮਚੰਦਰ ਵੈੱਲਫੇਅਰ ਕਲੱਬ ਵੱਲੋਂ ਜਲਜੀਰੇ ਦਾ ਲੰਗਰ ਲਾਇਆ ਗਿਆ। ਇਸ ਮੌਕੇ ਸਮਾਜਸੇਵੀ ਅਨਿਲ ਭੋਲਾ, ਮੱਖਣ ਕੁਮਾਰ, ਕਲੱਬ ਦੇ ਚੇਅਰਮੈਨ ਰਾਜੀਵ ਸ਼ਰਮਾ, ਸ਼ੈਂਕੀ ਗਰਗ, ਰਾਕੇਸ਼ ਸ਼ਰਮਾ ਚੰਦਨ, ਨਿਲੇਸ਼ ਪੇਠਾਣੀ, ਅਭੈ ਕਾਂਸਲ, ਰਾਮਸ਼ਰਨ ਜਿੰਦਲ, ਮਹਿੰਦਰ ਕੁਮਾਰ ਅਤੇ ਈਸ਼ਵਰ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਾਰੇ ਸ਼ਹਿਰ ਵਿੱਚ ਧਾਰਮਿਕ ਰੰਗ ਛਾਇਆ ਰਿਹਾ ਅਤੇ ਭਗਤਾਂ ਵੱਲੋਂ ਬਾਲਾ ਜੀ ਦੀ ਭਗਤੀ ਵਿੱਚ ਲੀਨ ਹੋ ਕੇ ਜਨਮੋਤਸਵ ਨੂੰ ਭਾਵਪੂਰਣ ਢੰਗ ਨਾਲ ਮਨਾਇਆ ਗਿਆ।