ਖ਼ਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ, ਮੀਂਹ ਤੇ ਝੱਖੜ ਦੀ ਸੰਭਾਵਨਾ
ਖਰਾਬ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ, ਮੀਂਹ ਤੇ ਝੱਖੜ ਦੀ ਸੰਭਾਵਨਾ
Publish Date: Thu, 02 Apr 2026 06:15 PM (IST)
Updated Date: Thu, 02 Apr 2026 06:19 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਾਲਵਾ ਖੇਤਰ ਵਿਚ ਅਚਾਨਕ ਬਦਲੇ ਮੌਸਮ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਹਿਲਾਂ ਹੀ ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਨੁਕਸਾਨ ਝੱਲ ਰਹੇ ਕਿਸਾਨ ਹੁਣ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਕਾਰਨ ਹੋਰ ਵੀ ਚਿੰਤਤ ਨਜ਼ਰ ਆ ਰਹੇ ਹਨ। ਮੌਸਮ ਵਿਭਾਗ ਵੱਲੋਂ ਜਾਰੀ ਅਨੁਮਾਨ ਮੁਤਾਬਿਕ 4 ਅਤੇ 5 ਅਪ੍ਰੈਲ ਨੂੰ ਕਰੀਬ ਦੋ-ਦੋ ਮਿਲੀਮੀਟਰ ਮੀਂਹ ਪੈ ਸਕਦਾ ਹੈ, ਜਿਸ ਨਾਲ ਖੇਤਾਂ ਵਿੱਚ ਖੜ੍ਹੀ ਅਤੇ ਪਹਿਲਾਂ ਹੀ ਡਿੱਗ ਚੁੱਕੀ ਕਣਕ ਦੀ ਫਸਲ ਨੂੰ ਹੋਰ ਨੁਕਸਾਨ ਹੋਣ ਦਾ ਖਤਰਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਦੌਰਾਨ ਗੜੇਮਾਰੀ ਤੇ ਆਈਆਂ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਕਣਕ ਦੀ ਫਸਲ ਧਰਤੀ ’ਤੇ ਡਿੱਗ ਗਈ ਹੈ। ਇਸ ਹਾਲਤ ਵਿੱਚ ਜੇ ਮੀਂਹ ਪੈਂਦਾ ਹੈ ਤਾਂ ਡਿੱਗੀ ਹੋਈ ਫਸਲ ਦਾ ਦਾਣਾ ਕਾਲਾ ਪੈ ਜਾਣ ਜਾਂ ਸੜਨ ਦਾ ਖਤਰਾ ਬਣ ਜਾਂਦਾ ਹੈ, ਜਿਸ ਨਾਲ ਉਪਜ ਅਤੇ ਗੁਣਵੱਤਾ ਦੋਵਾਂ ’ਤੇ ਬੁਰਾ ਅਸਰ ਪੈਂਦਾ ਹੈ। ਮੌਸਮ ਵਿਭਾਗ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਮੀਂਹ ਦੇ ਨਾਲ ਤੇਜ਼ ਹਵਾਵਾਂ ਅਤੇ ਝੱਖੜ ਵੀ ਆ ਸਕਦਾ ਹੈ। ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਆਸਮਾਨੀ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਤਾਈ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਵਾਧੂ ਸਾਵਧਾਨ ਰਹਿਣ ਦੀ ਲੋੜ ਹੈ। ਮਾਹਿਰਾਂ ਅਨੁਸਾਰ ਇਸ ਸਮੇਂ ਕਣਕ ਦੀ ਫਸਲ ਦੀ ਕਟਾਈ ਹੋਣ ਹੈ, ਇਸ ਕਰ ਕੇ ਕਿਸੇ ਵੀ ਤਰ੍ਹਾਂ ਦਾ ਮੌਸਮੀ ਬਦਲਾਅ ਫਸਲ ਲਈ ਘਾਤਕ ਸਾਬਤ ਹੋ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਜੇ ਮੀਂਹ ਲਗਾਤਾਰ ਜਾਂ ਵੱਧ ਮਾਤਰਾ ਵਿੱਚ ਪੈਂਦਾ ਹੈ ਤਾਂ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਨਾਲ ਕੱਟੀ ਵਿੱਚ ਵੀ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ ਭਿੱਜੀ ਹੋਈ ਫਸਲ ਨੂੰ ਮੰਡੀ ਤਕ ਲਿਜਾਣ ਅਤੇ ਵੇਚਣ ਵਿੱਚ ਵੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜਿੱਥੇ ਸੰਭਵ ਹੋਵੇ ਉੱਥੇ ਫਸਲ ਨੂੰ ਜਲਦੀ ਕੱਟਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਡਿੱਗੀ ਹੋਈ ਫਸਲ ਨੂੰ ਸੰਭਾਲਣ ਲਈ ਯੋਗ ਉਪਾਅ ਕੀਤੇ ਜਾਣ। ਇਸ ਤੋਂ ਇਲਾਵਾ ਖੇਤਾਂ ਵਿੱਚ ਪਾਣੀ ਦੀ ਨਿਕਾਸੀ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਮੀਂਹ ਪੈਣ ਦੀ ਸੂਰਤ ਵਿੱਚ ਨੁਕਸਾਨ ਘੱਟ ਕੀਤਾ ਜਾ ਸਕੇ। ਦੂਜੇ ਪਾਸੇ ਕਿਸਾਨ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇ ਮੌਸਮ ਕਾਰਨ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲਾਗਤਾਂ ਵੱਧਣ ਕਾਰਨ ਕਿਸਾਨ ਆਰਥਿਕ ਦਬਾਅ ਹੇਠ ਹਨ ਅਤੇ ਅਜਿਹੇ ਵਿੱਚ ਕੁਦਰਤੀ ਆਫਤ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਕੁੱਲ ਮਿਲਾ ਕੇ ਮੌਸਮ ਦੇ ਇਸ ਬਦਲਾਅ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਸਭ ਦੀ ਨਜ਼ਰ ਆਉਣ ਵਾਲੇ ਦਿਨਾਂ ਦੇ ਮੌਸਮ ’ਤੇ ਟਿਕੀ ਹੋਈ ਹੈ, ਕਿਉਂਕਿ ਥੋੜ੍ਹੀ ਜਿਹੀ ਵੀ ਬਾਰਿਸ਼ ਕਣਕ ਦੀ ਤਿਆਰ ਫਸਲ ਲਈ ਵੱਡਾ ਨੁਕਸਾਨ ਸਾਬਤ ਹੋ ਸਕਦੀ ਹੈ।