ਸਿਹਤ ਕੇਂਦਰ ਸੰਗਤ ’ਚ ਆਪ੍ਰੇਸ਼ਨ ਥੀਏਟਰ ਹੋਇਆ ਸ਼ੁਰੂ
- 14 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਅੱਜ ਸਿਹਤ ਕੇਂਦਰ ਸੰਗਤ ਵਿਖੇ ਆਪਰੇਸ਼ਨ ਥੀਏਟਰ ਹੋਇਆ ਸ਼ੁਰੂ
Publish Date: Thu, 02 Apr 2026 05:51 PM (IST)
Updated Date: Thu, 02 Apr 2026 05:55 PM (IST)

- ਡਾ. ਵਿਰੇਸ਼ਵਰ ਚਾਵਲਾ ਤੇ ਡਾ. ਅੰਕੂਸ਼ ਮੌਂਗਾ ਨੇ ਨਲਬੰਦੀ ਦੇ ਚਾਰ ਸਫਲ ਆਪ੍ਰੇਸ਼ਨ ਕੀਤੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਤ ਮੰਡੀ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਉੱਦਮਾਂ ਸਦਕਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪਾਮਿਲ ਬਾਂਸਲ ਦੀ ਪ੍ਰਧਾਨਗੀ ਹੇਠ 14 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਸਿਹਤ ਕੇਂਦਰ ਸੰਗਤ ਵਿਖੇ ਆਪ੍ਰੇਸ਼ਨ ਸ਼ੁਰੂ ਹੋਏ ਹਨ। ਸੰਗਤ ਹਸਪਤਾਲ ਵਿਖੇ ਸਰਜਨ ਡਾ. ਵਿਰੇਸ਼ਵਰ ਚਾਵਲਾ ਅਤੇ ਸਰਜਨ ਡਾ. ਅੰਕੂਸ਼ ਮੌਂਗਾ ਦੀ ਸਾਂਝੀ ਟੀਮ ਨੇ ਨਲਬੰਦੀ ਦੇ ਸਫਲਤਾਪੂਰਵਕ ਚਾਰ ਆਪ੍ਰੇਸ਼ਨ ਕੀਤੇ। ਇਸ ਮੌਕੇ ਐੱਸਐੱਮਓ ਡਾ. ਪਾਮਿਲ ਬਾਂਸਲ ਨੇ ਆਪ੍ਰੇਸ਼ਨ ਦੀ ਸ਼ੁਰੂਆਤ ਕਰਨ ਮੌਕੇ ਸਮੂਹ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਗਤ ਹਸਪਤਾਲ ਵਿੱਚ ਸਿਵਲ ਸਰਜਨ ਡਾ. ਤਪਿੰਦਰਜੋਤ ਕੌਸ਼ਲ ਦੇ ਸਹਿਯੋਗ ਨਾਲ ਸੇਵਾਵਾਂ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਰਿਹਾ ਹੈ, ਜਿਸ ਲਈ ਏਮਜ ਬਠਿੰਡਾ ਦੀ ਮੈਡੀਕਲ ਟੀਮ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤ ਹਸਪਤਾਲ ਵਿਚ ਸਟਾਫ ਦੀ ਘਾਟ ਤੇ ਹੋਰ ਕਾਰਨਾਂ ਕਰਕੇ ਲੰਮੇ ਸਮੇਂ ਤੋਂ ਆਪ੍ਰੇਸ਼ਨ ਥੀਏਟਰ ਬੰਦ ਪਿਆ ਸੀ, ਜਿਸ ਲਈ ਕਈ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਜ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਸੰਗਤ ਹਸਪਤਾਲ ਵਿਖੇ ਮਹੀਨੇ ਦੇ ਹਰ ਪਹਿਲੇ ਅਤੇ ਤੀਜੇ ਵੀਰਵਾਰ ਨੂੰ ਨਲਬੰਦੀ ਦੇ ਕੇਸ ਕੀਤੇ ਜਾਣਗੇ। ਇਸ ਤੋਂ ਇਲਾਵਾ ਮਾਈਨਰ ਸਰਜਰੀ ਵੀ ਜਲਦੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਸ ਦਾ ਲਾਭ ਪੇਂਡੂ ਖੇਤਰ ਦੋ ਲੋਕਾਂ ਨੂੰ ਮਿਲੇਗਾ। ਉਨ੍ਹਾਂ ਨੂੰ ਸਿਹਤ ਸਹੂਲਤਾਂ ਲਈ ਦੂਰ-ਦਰਾਡੇ ਖੇਤਰਾਂ ਵਿੱਚ ਨਹੀਂ ਜਾਣਾ ਪਵੇਗਾ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਗਤ ਹਸਪਤਾਲ ਵਿਖੇ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਅੱਖਾਂ ਦੇ ਮਾਹਰ ਡਾਕਟਰ, ਹਰ ਸ਼ਨਿਚਰਵਾਰ ਚਮੜੀ ਰੋਗਾਂ ਦੇ ਮਾਹਰ ਡਾਕਟਰ, ਸੋਮਵਾਰ ਤੇ ਮੰਗਲਵਾਰ ਨੂੰ ਐੱਮਡੀ ਮੈਡੀਸਨ ਤੋਂ ਇਲਾਵਾ ਮੈਡੀਕਲ ਅਫਸਰ ਸਰਜਨ ਸਾਰੇ ਦਿਨ ਉਪਲਬਧ ਹੁੰਦੇ ਹਨ। ਇਸ ਮੌਕੇ ਅੱਜ ਦੇ ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਡਾ. ਰੋਹਿਤ ਕੁਮਾਰ, ਜਗਰੂਪ ਸਿੰਘ, ਰਵਿੰਦਰਜੀਤ ਕੌਰ, ਜਸਵੀਰ ਕੌਰ, ਜਤਿੰਦਰ ਕੌਰ, ਪਰਮਿੰਦਰ ਸਿੰਘ, ਅਮਰਜੀਤ ਕੌਰ, ਸ਼ਿਵ ਕੁਮਾਰ ਆਦਿ ਸਟਾਫ ਨੇ ਸਹਿਯੋਗ ਦਿੱਤਾ।