ਯੋਗਾ ਨਾਲ ਲੋਕਾਂ ਦੀ ਜ਼ਿੰਦਗੀ ’ਚ ਆ ਰਿਹਾ ਬਦਲਾਅ
ਮੁਫ਼ਤ ਯੋਗਾ ਨਾਲ ਲੋਕਾਂ ਦੀ ਜ਼ਿੰਦਗੀ ‘ਚ ਆ ਰਿਹਾ ਬਦਲਾਅ, ਤਲਵੰਡੀ ਸਾਬੋ ‘ਚ ਲੋਕਾਂ ਦਾ ਵਧ ਰਿਹਾ ਰੁਝਾਨ
Publish Date: Thu, 02 Apr 2026 05:17 PM (IST)
Updated Date: Thu, 02 Apr 2026 05:19 PM (IST)
- ਸੀਐੱਮ ਦੀ ਯੋਗਸ਼ਾਲਾ ਬਣੀ ਤਲਵੰਡੀ ਸਾਬੋ ਵਾਸੀਆਂ ਲਈ ਸਿਹਤ ਦਾ ਕੇਂਦਰ
- ਤਲਵੰਡੀ ਸਾਬੋ ’ਚ ਲੋਕਾਂ ਦਾ ਵਧ ਰਿਹਾ ਰੁਝਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਸੀਐੱਮ ਦੀ ਯੋਗਸ਼ਾਲਾ’ ਯੋਜਨਾ ਹੁਣ ਤਲਵੰਡੀ ਸਾਬੋ ਵਿੱਚ ਵੀ ਲੋਕਾਂ ਦੀ ਸਿਹਤ ਸੁਧਾਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣਦੀ ਜਾ ਰਹੀ ਹੈ। ਸ਼ਹਿਰ ਦੇ ਲੇਲੇਵਾਲਾ ਰੋਡ ਸਥਿਤ ਪਾਰਕ ਵਿੱਚ ਹਰ ਰੋਜ਼ ਸਵੇਰੇ ਅਤੇ ਸ਼ਾਮ ਮੁਫ਼ਤ ਯੋਗਾ ਕਲਾਸਾਂ ਲਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਪੁਰਸ਼ ਹਿੱਸਾ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੋਗਾ ਟ੍ਰੇਨਰ ਵਕੀਲ ਸਿੰਘ ਨੇ ਦੱਸਿਆ ਕਿ ਯੋਗਾ ਸਰੀਰ ਅਤੇ ਮਨ ਦੋਵਾਂ ਲਈ ਬੇਹੱਦ ਲਾਭਦਾਇਕ ਹੈ।
ਉਨ੍ਹਾਂ ਕਿਹਾ ਕਿ ਜੇ ਹਰ ਵਿਅਕਤੀ ਸਵੇਰੇ ਜਾਂ ਸ਼ਾਮ ਨੂੰ ਕੇਵਲ ਇੱਕ ਘੰਟਾ ਯੋਗਾ ਲਈ ਕੱਢੇ ਤਾਂ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਅਜਿਹੀਆਂ ਸਮੱਸਿਆਵਾਂ, ਜਿਨ੍ਹਾਂ ਤੋਂ ਲੋਕ ਲੰਮੇ ਸਮੇਂ ਤੱਕ ਪਰੇਸ਼ਾਨ ਰਹਿੰਦੇ ਹਨ, ਯੋਗਾ ਅਤੇ ਸਹੀ ਜੀਵਨਸ਼ੈਲੀ ਅਪਣਾਉਣ ਨਾਲ ਕਾਫ਼ੀ ਹੱਦ ਤੱਕ ਘੱਟ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਹ ਮੁਫ਼ਤ ਯੋਗਾ ਟ੍ਰੇਨਿੰਗ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ। ਉੱਥੇ ਮੌਜੂਦ ਯੋਗਾ ਸਿੱਖਣ ਆਈਆਂ ਔਰਤਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕਲਾਸ ਦਾ ਕਾਫ਼ੀ ਲਾਭ ਮਿਲਿਆ ਹੈ। ਯੋਗਾ ਟ੍ਰੇਨਰ ਵਕੀਲ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਕਿਰਿਆ ਬਾਰੇ ਬਹੁਤ ਹੀ ਢੰਗ ਨਾਲ ਅਤੇ ਸੌਖੀ ਭਾਸ਼ਾ ਵਿੱਚ ਸਮਝਾਉਂਦੇ ਹਨ। ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਜੇ ਇਸ ਤਰ੍ਹਾਂ ਦੇ ਸਿਹਤ-ਕੇਂਦਰਤ ਉਪਰਾਲੇ ਲਗਾਤਾਰ ਜਾਰੀ ਰਹੇ ਤਾਂ ਲੋਕਾਂ ਵਿੱਚ ਬਿਮਾਰੀਆਂ ਤੋਂ ਬਚਾਅ ਅਤੇ ਤੰਦਰੁਸਤ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਹੋਰ ਵੀ ਵਧੇਗੀ।