ਰੋਗਾਂ ਦੇ ਖਾਤਮੇ ਵੱਲ ਟੀਕਾਕਰਨ ਇੱਕ ਮਜ਼ਬੂਤ ਕਦਮ : ਡਾ. ਤਪਿੰਦਰਜੋਤ
ਰੋਗਾਂ ਦੇ ਖਾਤਮੇ ਵੱਲ ਟੀਕਾਕਰਣ ਇਕ ਮਜ਼ਬੂਤ ਕਦਮ : ਡਾ. ਤਪਿੰਦਰਜੋਤ
Publish Date: Thu, 02 Apr 2026 04:35 PM (IST)
Updated Date: Thu, 02 Apr 2026 04:37 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਮੀਨਾਕਸ਼ੀ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਬਠਿੰਡਾ ਵਿੱਚ ਬਿਮਾਰੀਆਂ ਤੋਂ ਬਚਾਓ ਲਈ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਹ ਟੀਕਾਕਰਨ ਹਰ ਹਫ਼ਤੇ ਬੁੱਧਵਾਰ ਕੀਤਾ ਜਾਂਦਾ ਹੈ। ਜਨਮ ਤੋਂ ਲੈ ਕੇ 16 ਸਾਲ ਤਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੇ ਵੀ ਟੈੱਟਨਸ ਦੇ ਟੀਕੇ ਲਾਏ ਜਾਂਦੇ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਕਾਕਰਣ ਦਾ 100 ਫ਼ੀਸਦੀ ਟੀਚਾ ਪ੍ਰਾਪਤ ਕੀਤਾ ਜਾਵੇ। ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਕਿਹਾ ਕਿ ਗਰਭ ਦੌਰਾਨ ਗਰਭਵਤੀ ਮਾਵਾਂ ਨੂੰ ਟੈੱਟਨਸ ਦੇ ਟੀਕੇ ਲਗਵਾਉਣ ਨਾਲ ਮਾਂ ਅਤੇ ਬੱਚੇ ਨੂੰ ਟੈੱਟਨਸ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਬੀਸੀਜੀ, ਪੋਲੀਓ ਬੂੰਦਾਂ ਅਤੇ ਹੈਪੇਟਾਈਟਸ ਦਾ ਟੀਕਾਕਰਨ, ਡੇਢ, ਢਾਈ ਅਤੇ ਸਾਢੇ ਤਿੰਨ ਮਹੀਨੇ ਤੇ ਪੈਟਾਵੈਲੈਂਟ, ਪੋਲੀਓ ਬੂੰਦਾਂ ਅਤੇ ਰੋਟਾ ਨਿਮੋਕੋਕਲ, ਨੌ ਮਹੀਨੇ ਪੂਰੇ ਹੋਣ ’ਤੇ ਐੱਮਆਰ., ਨਿਮੋਕੋਕਲ ਅਤੇ ਵਿਟਾਮਿਨ-ਏ, 16 ਮਹੀਨੇ ਤੋਂ 2 ਸਾਲ ਐੱਮਆਰ., ਡੀਪੀਟੀ, ਪੋਲੀਓ ਅਤੇ ਵਿਟਾਮਿਨ ਏ ਜ਼ਰੂਰ ਲਗਵਾਓ। ਪੰਜ ਸਾਲ ਤੇ ਡੀਪੀਟੀ. ਦੂਜੀ ਬੂਸਟਰ, 10 ਅਤੇ 16 ਸਾਲ ਤੇ ਟੀਡੀ. ਦਾ ਟੀਕਾਕਰਨ ਕਰਵਾਓ। ਉਨ੍ਹਾਂ ਦੱਸਿਆ ਕਿ ਬੀਸੀਜੀ ਦਾ ਟੀਕਾ ਬੱਚੇ ਨੂੰ ਟੀਬੀ. ਤੋਂ, ਪੋਲੀਓ ਬੂੰਦਾਂ ਪੋਲੀਓ ਦੀ ਬਿਮਾਰੀ ਤੋਂ, ਹੈਪਾਟਾਈਟਸ ਪੀਲੀਏ ਤੋਂ, ਰੋਟਾਵਾਇਰਸ ਦਾ ਦਸਤ ਤੋਂ, ਨਿਮੋਕੋਕਲ ਦਾ ਨਿਮੋਨੀਏ ਤੋਂ, ਪੈਂਟਾਵੈਂਲੈਂਟ ਦਾ ਟੀਕਾ ਪੰਜ ਬਿਮਾਰੀਆਂ ਗਲਘੋਟੂ ਕਾਲੀ ਖਾਂਸੀ ਟੈੱਟਨਸ ਪੀਲੀਏ ਇਨਫਲੂਏਂਜਾ, ਐੱਮਆਰ. ਦਾ ਟੀਕਾ ਖਸਰੇ ਅਤੇ ਰੂਬੇਲਾ, ਡੀਪੀਟੀ. ਦਾ ਗਲਘੋਟੂ ਕਾਲੀ ਖੰਘ ਟੈੱਟਨਸ ਬਿਮਾਰੀਆਂ ਤੋਂ ਬਚਾਉਂਦੇ ਹਨ। ਵਿਟਾਮਿਨ ਏ ਦੀ ਪਹਿਲੀ ਖੁਰਾਕ 9 ਮਹੀਨੇ ਤੋਂ ਸ਼ੁਰੂ ਕਰ ਕੇ 6-6 ਮਹੀਨੇ ਦੇ ਫਰਕ ਤੇ 5 ਸਾਲ ਤਕ ਦੀ ਉਮਰ ਤਕ ਪਿਲਾਓ। ਉਨ੍ਹਾਂ ਕਿਹਾ ਕਿ ਟੀਕਾਕਰਨ ਨਾਲ ਬੱਚਿਆਂ ਨੂੰ ਹਲਕਾ ਫੁਲਕਾ ਬੁਖਾਰ ਹੋ ਸਕਦਾ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।