ਗੁਰਬਾਜ਼ ਸਿੰਘ ਸਿੱਧੂ ਨੇ ਹਲਕੇ ਦਾ ਕੀਤਾ ਦੌਰਾ
ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ ਹਲਕੇ ਦਾ ਦੌਰਾ,ਆਸ਼ਰਮ ਦੇ ਧਾਰਮਿਕ ਸਮਾਗਮ ’ਚ ਭਰੀ ਹਾਜ਼ਰੀ
Publish Date: Wed, 01 Apr 2026 06:09 PM (IST)
Updated Date: Thu, 02 Apr 2026 04:07 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਜਿੱਥੇ ਵਰਕਰਾਂ ਦੇ ਨਿੱਜੀ ਪ੍ਰੋਗਰਾਮਾਂ ’ਚ ਸ਼ਮੂਲੀਅਤ ਕੀਤੀ, ਉੱਥੇ ਵਿਸ਼ੇਸ ਤੌਰ ’ਤੇ ਪਿੰਡ ਸ਼ੇਖਪੁਰਾ ਦੇ ਉਦਾਸੀਨ ਆਸ਼ਰਮ ਵਿੱਚ ਕਰਵਾਏ ਧਾਰਮਿਕ ਸਮਾਗਮਾਂ ’ਚ ਵੀ ਹਾਜ਼ਰੀ ਲਵਾਈ। ਉਨ੍ਹਾਂ ਸ਼ੇਖਪੁਰਾ ਦੇ ਉਦਾਸੀਨ ਆਸ਼ਰਮ ’ਚ ਬ੍ਰਹਮਲੀਨ ਮਹੰਤ ਸਵਾਮੀ ਨਿੱਤਿਆਨੰਦ ਦੀ 50ਵੀਂ ਅਤੇ ਬ੍ਰਹਮਲੀਨ ਮਹੰਤ ਬ੍ਰਹਮ ਮੁਨੀ ਦੀ 34ਵੀਂ ਬਰਸੀ ਨੂੰ ਸਮਰਪਿਤ ਕਰਕੇ ਆਸ਼ਰਮ ਪ੍ਰਬੰਧਕਾਂ ਵੱਲੋਂ ਪ੍ਰਕਾਸ਼ ਕਰਵਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਹਾਜ਼ਰੀ ਭਰੀ। ਭੋਗ ਮੌਕੇ ਸਿੱਧੂ ਨੇ ਉਦਾਸੀਨ ਆਸ਼ਰਮ ਦੇ ਮੁੱਖ ਸੰਚਾਲਕ ਰਾਮਗੋਪਾਲ ਦੇਵ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਵੱਲੋਂ ਪਿੰਡਾਂ ’ਚ ਕਰਵਾਏ ਜਾਂਦੇ ਧਾਰਮਿਕ ਕਾਰਜਾਂ ਪ੍ਰਤੀ ਉਨ੍ਹਾਂ ਦੀ ਸ਼ਲਾਘਾ ਕੀਤੀ। ਆਸ਼ਰਮ ਦੇ ਸਹਿ ਸੰਚਾਲਕ ਰਾਮਕ੍ਰਿਸ਼ਨ ਦਾਸ ਨੇ ਸਿੱਧੂ ਨੂੰ ਧਾਰਮਿਕ ਸਮਾਗਮ ’ਚ ਪੁੱਜਣ ’ਤੇ ਜੀ ਆਇਆਂ ਆਖਿਆ। ਸਿੱਧੂ ਨੇ ਇਸ ਮੌਕੇ ਕਿਹਾ ਕਿ ਪਿੰਡਾਂ ’ਚ ਪੁਰਾਤਨ ਸਮਿਆਂ ਤੋਂ ਸਥਾਪਿਤ ਡੇਰਿਆਂ ਵੱਲੋਂ ਧਾਰਮਿਕ ਕਾਰਜਾਂ ਦੇ ਨਾਲ ਨਾਲ ਸਮਾਜਿਕ ਕਾਰਜਾਂ ’ਚ ਵਧ ਚੜ੍ਹ ਕੇ ਯੋਗਦਾਨ ਪਾਉਣ ਦੇ ਕਾਰਜ ਪ੍ਰਸ਼ੰਸਾਯੋਗ ਹਨ। ਉਨ੍ਹਾਂ ਇਸ ਮੌਕੇ ਕਿਸੇ ਕਿਸਮ ਦੀ ਸਿਆਸੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਧੂ ਨਾਲ ਇਸ ਮੌਕੇ ਹਰਪਾਲ ਸਿੰਘ ਗਿੱਲ ਗਾਟਵਾਲੀ ਪੰਚ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ,ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਕ੍ਰਿਸ਼ਨ ਯਾਦਵ, ਮਨਪ੍ਰੀਤ ਸਿੰਘ ਧਾਲੀਵਾਲ ਸ਼ੇਖਪੁਰਾ, ਗੁਰਜੀਤ ਸਿੰਘ ਰੋਮਾਣਾ, ਬਲਵੰਤ ਸਿੰਘ ਲੇਲੇਵਾਲਾ, ਗੋਰਾ ਵਕੀਲ ਲਾਲੇਆਣਾ, ਗੁਰਾਦਿੱਤਾ ਸਿੰਘ ਸੀਂਗੋ, ਹੈਪੀ ਬਹਿਮਣ, ਜਸਪਾਲ ਸਿੰਘ ਭਗਵਾਨਪੁਰਾ ਆਦਿ ਆਗੂ ਮੌਜੂਦ ਸਨ।