ਡਾ ਅੰਬੇਡਕਰ ਦੀ ਮੂਰਤੀ ਤੋੜਨਾ ਭਾਈਚਾਰਕ ਸਾਂਝ ਨੂੰ ਨੁਕਸਾਨ : ਸਰੂਪ ਸਿੰਗਲਾ
ਡਾ ਅੰਬੇਡਕਰ ਦੀ ਮੂਰਤੀ ਦੀ ਤੋੜਫੋੜ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼: ਸਰੂਪ ਸਿੰਗਲਾ
Publish Date: Wed, 01 Apr 2026 04:49 PM (IST)
Updated Date: Thu, 02 Apr 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਹੁਸ਼ਿਆਰਪੁਰ ਜ਼ਿਲ੍ਹੇ ਵਿਚ ਡਾ. ਅੰਬੇਡਕਰ ਦੀ ਮੂਰਤੀ ਦੀ ਤੋੜ ਫੋੜ ਦੀ ਘਟਨਾ ’ਤੇ ਭਾਰਤੀ ਜਨਤਾ ਪਾਰਟੀ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸਨੂੰ ਬਹੁਤ ਹੀ ਨਿੰਦਣਯੋਗ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਘਟਨਾ ਲਈ ਰਾਜ ਪੁਲਿਸ ਦੀ ਨਿਕੰਮੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਬੇਨਕਾਬ ਕਰਦੀਆਂ ਹਨ। ਪੰਜਾਬ ਵਿੱਚ ਫਿਰਕੂ ਤਾਕਤਾਂ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕਰ ਰਹੀਆਂ ਹਨ, ਪਰ ਸੂਬੇ ਦੀ ਭਾਈਚਾਰਕ ਸਾਂਝ ਇੰਨ੍ਹੀ ਮਜ਼ਬੂਤ ਹੈ ਕਿ ਅਜਿਹੇ ਵੰਡਕਾਰੀ ਯਤਨ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਤੁਰੰਤ ਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਸਰਕਾਰ ਤੋਂ ਜਵਾਬਦੇਹੀ ਤੈਅ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸਦੇ ਸ਼ਾਸਨ ਦੌਰਾਨ ਰਾਜ ਦੀ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਸਿੰਗਲਾ ਮੁਤਾਬਕ ਸੂਬੇ ਵਿੱਚ ਲਗਾਤਾਰ ਅਪਰਾਧਿਕ ਘਟਨਾਵਾਂ ਵੱਧ ਰਹੀਆਂ ਹਨ, ਜਿੱਥੇ ਰੋਜ਼ਾਨਾ ਕਤਲ, ਸਰਪੰਚਾਂ ’ਤੇ ਹਮਲੇ ਅਤੇ ਇੱਥੋਂ ਤਕ ਕਿ ਪੁਲਿਸ ਥਾਣਿਆਂ ‘ਤੇ ਵੀ ਹਮਲੇ ਹੋ ਰਹੇ ਹਨ। ਵਿਦੇਸ਼ੀ ਧਰਤੀ ਤੇ ਬੈਠੇ ਖਾਲਿਸਤਾਨੀ ਅਨਸਰ ਪੰਜਾਬ ਵਿੱਚ ਸ਼ਰੇਆਮ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਪੰਜਾਬ ਸਰਕਾਰ ਇਹ ਸਭ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਰਾਜ ਵਿੱਚ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਹਨ, ਉੱਥੇ ਨਾਗਰਿਕਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਅੰਬੇਡਕਰ ਦੀ ਮੂਰਤੀ ਦੀ ਤੋੜਫੋੜ ਨੂੰ ਉਨ੍ਹਾਂ ਨੇ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ।