ਹਾਦਸੇ ’ਚ ਜਖ਼ਮੀ ਨੌਜਵਾਨ ਦੀ ਜ਼ੇਰੇ ਇਲਾਜ ਮੌਤ
ਅਣਪਛਾਤੇ ਵਾਹਨ ਦੀ ਟੱਕਰ ਨਾਲ ਜਖ਼ਮੀ ਨੌਜਵਾਨ ਦੀ ਮੌਤ, 48 ਘੰਟੇ ਮੌਤ ਨਾਲ ਲੜਦਾ ਰਿਹਾ ਨੌਜਵਾਨ
Publish Date: Wed, 01 Apr 2026 04:42 PM (IST)
Updated Date: Thu, 02 Apr 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਪਾਵਰ ਹਾਊਸ ਰੋਡ ’ਤੇ ਦੋ ਦਿਨ ਪਹਿਲਾਂ ਵਾਪਰੇ ਹਿੱਟ ਐਂਡ ਰਨ ਮਾਮਲੇ ਵਿੱਚ ਗੰਭੀਰ ਜਖ਼ਮੀ ਹੋਏ ਅਣਪਛਾਤੇ ਨੌਜਵਾਨ ਨੇ ਆਖ਼ਿਰਕਾਰ ਹਸਪਤਾਲ ਵਿੱਚ ਦਮ ਤੋੜ ਦਿੱਤਾ। ਨੌਜਵਾਨ ਪਿਛਲੇ 48 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਵਿਚਾਲੇ ਸੰਘਰਸ਼ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਰਾਤ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਡਾਕਟਰਾਂ ਵੱਲੋਂ ਜਖ਼ਮੀ ਦੀ ਹਾਲਤ ਨਾਜ਼ੁਕ ਦੱਸੀ ਗਈ ਸੀ। ਨੌਜਵਾਨ ਬਿਲਕੁਲ ਬੇਹੋਸ਼ ਸੀ ਅਤੇ ਉਸ ਕੋਲੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸਦੀ ਪਛਾਣ ਹੋ ਸਕੇ। ਡਾਕਟਰਾਂ ਨੇ ਉਸਦੀ ਜਾਨ ਬਚਾਉਣ ਲਈ ਲਗਾਤਾਰ ਯਤਨ ਕੀਤੇ, ਪਰ 48 ਘੰਟਿਆਂ ਦੀ ਜੰਗ ਬਾਅਦ ਉਹ ਹਾਰ ਗਿਆ ਅਤੇ ਅੱਜ ਸਵੇਰੇ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਥਾਣਾ ਸਿਵਲ ਲਾਈਨ ਪੁਲਿਸ ਨੂੰ ਦੇ ਦਿੱਤੀ ਗਈ ਹੈ, ਪਰ ਮ੍ਰਿਤਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਸਹਾਰਾ ਸੰਸਥਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ 100 ਘੰਟਿਆਂ ਲਈ ਸੁਰੱਖਿਅਤ ਰੱਖਿਆ ਗਿਆ ਹੈ ਤੇ ਉਸਦੀ ਪਛਾਣ ਲਈ ਯਤਨ ਜਾਰੀ ਹਨ। ਇਸ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਹਿੱਟ ਐਂਡ ਰਨ ਮਾਮਲਿਆਂ ’ਚ ਪੁਲਿਸ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਦੋ ਦਿਨ ਬੀਤ ਜਾਣ ਦੇ ਬਾਵਜੂਦ ਦੋਸ਼ੀ ਵਾਹਨ ਦਾ ਕੋਈ ਪਤਾ ਨਹੀਂ ਲੱਗ ਸਕਿਆ।