ਮੀਂਹ ਨਾਲ ਕਣਕ ਦੀ ਫ਼ਸਲ ਨੂੰ ਨੁਕਸਾਨ ਦਾ ਖਦਸ਼ਾ, ਕਿਸਾਨ ਚਿੰਤਤ
ਮੀਂਹ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਦਾ ਖਦਸ਼ਾ, ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ
Publish Date: Tue, 31 Mar 2026 08:11 PM (IST)
Updated Date: Wed, 01 Apr 2026 04:17 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ’ਚ ਪਏ ਮੀਂਹ ਕਾਰਨ ਕਣਕ ਦੀ ਪੱਕੀ ਚੁੱਕੀ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਬਣ ਗਿਆ ਹੈ। ਪਹਿਲਾਂ ਹੀ ਗੜੇਮਾਰੀ ਅਤੇ ਤੇਜ਼ ਝੱਖੜ ਕਾਰਨ ਪ੍ਰਭਾਵਿਤ ਹੋ ਚੁੱਕੀ ਫਸਲ ਹੁਣ ਮੀਂਹ ਨਾਲ ਹੋਰ ਵੀ ਖਤਰੇ ਵਿੱਚ ਆ ਗਈ ਹੈ। ਇਸ ਸਥਿਤੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਕਾਫ਼ੀ ਵਧਾ ਦਿੱਤਾ ਹੈ। ਜਾਣਕਾਰੀ ਅਨੁਸਾਰ ਐਤਵਾਰ ਦੇਰ ਰਾਤ ਬਾਲਿਆਂਵਾਲੀ ਖੇਤਰ ਵਿੱਚ ਗੜੇਮਾਰੀ ਹੋਈ ਸੀ, ਜਿਸ ਕਾਰਨ ਕਈ ਖੇਤਾਂ ਵਿੱਚ ਕਣਕ ਦੀ ਫਸਲ ਡਿੱਗ ਗਈ ਸੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਕਈ ਇਲਾਕਿਆਂ ਵਿੱਚ ਵੀ ਤੇਜ਼ ਹਵਾਵਾਂ ਕਾਰਨ ਫਸਲ ਧਰਤੀ ’ਤੇ ਵਿਛ ਗਈ। ਕਿਸਾਨਾਂ ਮੁਤਾਬਕ ਇਹ ਸਮਾਂ ਕਣਕ ਦੀ ਫਸਲ ਲਈ ਬਹੁਤ ਨਾਜ਼ੁਕ ਹੁੰਦਾ ਹੈ, ਕਿਉਂਕਿ ਇਸ ਦੌਰਾਨ ਬੱਲੀਆਂ ਵਿੱਚ ਦਾਣਾ ਤਿਆਰ ਹੋ ਜਾਂਦਾ ਹੈ। ਮੰਗਲਵਾਰ ਸਵੇਰੇ ਤੋਂ ਹੀ ਆਸਮਾਨ ’ਤੇ ਬੱਦਲਵਾਈ ਛਾਈ ਰਹੀ ਤੇ ਸ਼ਾਮ ਕਰੀਬ ਛੇ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਪੈਣ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ, ਕਿਉਂਕਿ ਪਹਿਲਾਂ ਹੀ ਡਿੱਗੀ ਹੋਈ ਫਸਲ ਲਈ ਇਹ ਮੀਂਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਜੇਕਰ ਕਣਕ ਦੀ ਫਸਲ ਲੰਮੇ ਸਮੇਂ ਤਕ ਧਰਤੀ ‘ਤੇ ਡਿੱਗੀ ਰਹਿੰਦੀ ਹੈ ਤਾਂ ਇਸ ਨਾਲ ਉਪਜ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਝਾੜ ਘੱਟ ਜਾਂਦਾ ਹੈ, ਸਗੋਂ ਕਣਕ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਮੀਂਹ ਪੈਣ ਨਾਲ ਡਿੱਗੀ ਹੋਈ ਫਸਲ ਵਿੱਚ ਨਮੀ ਵੱਧ ਜਾਂਦੀ ਹੈ, ਜਿਸ ਨਾਲ ਦਾਣੇ ਦੇ ਬਦਰੰਗ ਹੋਣ ਅਤੇ ਪੁੰਗਰਣ ਦਾ ਖਤਰਾ ਵੀ ਬਣ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਭਵਿੱਖ ’ਚ ਮੌਸਮ ਇਸੇ ਤਰ੍ਹਾਂ ਖਰਾਬ ਰਹਿੰਦਾ ਹੈ ਤਾਂ ਨੁਕਸਾਨ ਹੋਰ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੱਲੀਆਂ ਵਿੱਚ ਬਣ ਚੁੱਕਾ ਦਾਣਾ ਮੀਂਹ ਕਾਰਨ ਕਾਲਾ ਜਾਂ ਬਦਰੰਗ ਹੋ ਸਕਦਾ ਹੈ, ਜਿਸ ਨਾਲ ਮੰਡੀ ’ਚ ਇਸਦੀ ਕੀਮਤ ਵੀ ਘੱਟ ਮਿਲੇਗੀ। ਕਈ ਕਿਸਾਨਾਂ ਨੇ ਦੱਸਿਆ ਕਿ ਫਸਲ ਦੇ ਡਿੱਗਣ ਨਾਲ ਕਟਾਈ ਵਿੱਚ ਮੁਸ਼ਕਲ ਆਵੇਗੀ ਅਤੇ ਮਸ਼ੀਨਾਂ ਨਾਲ ਕਟਾਈ ਕਰਨਾ ਔਖਾ ਹੋ ਜਾਵੇਗਾ ਅਤੇ ਕਿਸਾਨਾਂ ’ਤੇ ਵਾਧੂ ਆਰਥਿਕ ਬੋਝ ਪਵੇਗਾ, ਜਦੋਂ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨ ਦਾ ਅੰਦਾਜ਼ਾ ਲਗਾ ਕੇ ਮੁਆਵਜ਼ਾ ਦਿੱਤਾ ਜਾਵੇ। ਮੌਸਮ ਵਿਭਾਗ ਅਨੁਸਾਰ ਅੱਜ 1 ਅਪ੍ਰੈਲ ਨੂੰ 2 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ, ਜਦਕਿ 2 ਅਪ੍ਰੈਲ ਨੂੰ 8 ਮਿਲੀਮੀਟਰ, ਅਤੇ 4 ਅਪ੍ਰੈਲ ਨੂੰ 2 ਮਿਲੀਮੀਟਰ ਮੀਂਹ ਪੈ ਸਕਦਾ ਹੈ।