ਪਿੰਡ ਦੇ ਲੋਕਾਂ ਨੇ ਡੀਐੱਸਪੀ ਤੇ ਐੱਸਐੱਚਓ ਨੂੰ ਥਾਣੇ ’ਚ ਬਣਾਇਆ ਬੰਦੀ
ਪਿੰਡ ਦੇ ਲੋਕਾਂ ਨੇ ਡੀਐਸਪੀ ਤੇ ਐਸਐਚਓ ਨੂੰ ਥਾਣੇ ’ਚ ਬਣਾਇਆ ਬੰਧਕ
Publish Date: Tue, 31 Mar 2026 07:48 PM (IST)
Updated Date: Wed, 01 Apr 2026 04:16 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਨੇੜਲੇ ਪਿੰਡ ਬਾਲਿਆਂਵਾਲੀ ਵਿਚ ਜਗ੍ਹਾ ਨੂੰ ਲੈ ਕੇ ਪੁਲਿਸ ਤੇ ਪਿੰਡ ਵਾਸੀ ਆਹਮੋ-ਸਾਹਮਣੇ ਆ ਗਏ। ਪਿੰਡ ਵਾਸੀਆਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣੇ ਦਾ ਘਿਰਾਓ ਕਰ ਲਿਆ। ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਪਿੰਡ ਦੀ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਨੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਡੀਐੱਸਪੀ ਤੇ ਐੱਸਐੱਚਓ ਨੂੰ ਥਾਣੇ ਅੰਦਰ ਹੀ ਬੰਦ ਕਰ ਦਿੱਤਾ। ਇਹ ਮਾਮਲਾ ਉਸ ਜਗ੍ਹਾ ਨਾਲ ਸਬੰਧਤ ਹੈ, ਜਿੱਥੇ ਕਰੀਬ 35 ਸਾਲ ਪਹਿਲਾਂ ਅੱਤਵਾਦ ਦੇ ਦੌਰਾਨ ਥਾਣੇ ਵੱਲੋਂ ਇੱਕ ਲਾਂਗਰੀ ਨੂੰ ਰਹਿਣ ਲਈ ਦੋ ਕਮਰੇ ਦਿੱਤੇ ਗਏ ਸਨ। ਲਾਂਗਰੀ ਦੀ ਮੌਤ ਤੋਂ ਬਾਅਦ ਉਸਦਾ ਪਰਿਵਾਰ ਉੱਥੋਂ ਚਲਾ ਗਿਆ, ਪਰ ਹੁਣ ਪੰਚਾਇਤ ਦਾ ਦਾਅਵਾ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਹੈ ਅਤੇ “ਲਾਲ ਲਕੀਰ” ਦੇ ਅੰਦਰ ਆਉਂਦੀ ਹੈ। ਪੰਚਾਇਤ ਇੱਥੇ ਦੁਕਾਨਾਂ ਦਾ ਨਿਰਮਾਣ ਕਰਨਾ ਚਾਹੁੰਦੀ ਹੈ, ਪਰ ਪੁਲਿਸ ਵੱਲੋਂ ਰੋਕ ਲਗਾਉਣ ਤੋਂ ਬਾਅਦ ਇਹ ਵਿਵਾਦ ਭੜਕ ਉੱਠਿਆ। ਪੁਲਿਸ ਨੇ ਇਸ ਜਗ੍ਹਾ ਨੂੰ ਥਾਣੇ ਦੀ ਦੱਸਦਿਆਂ ਪੰਚਾਇਤ ਵੱਲੋਂ ਕੀਤੇ ਜਾਣ ਵਾਲੇ ਦੁਕਾਨਾਂ ਦੇ ਨਿਰਮਾਣ ਨੂੰ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਡੀਐੱਸਪੀ ਤੇ ਐੱਸਐੱਚਓ ਸਮੇਤ ਸਾਰੀ ਫੋਰਸ ਨੂੰ ਥਾਣੇ ਅੰਦਰ ਹੀ ਘੇਰ ਲਿਆ। ਡੀਐੱਸਪੀ ਮੌੜ ਕੁਲਦੀਪ ਸਿੰਘ ਬਰੜ ਸਮੇਤ ਕਈ ਪੁਲਿਸ ਅਧਿਕਾਰੀ ਮੌਜੂਦ ਰਹੇ। ਉਨ੍ਹਾਂ ਪੰਚਾਇਤ ਨੂੰ ਗੱਲਬਾਤ ਲਈ ਬੁਲਾਇਆ ਪਰ ਧਰਨਾਕਾਰੀਆਂ ਨੇ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦੀ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਤ ਨਾਜੁਕ ਬਣੇ ਹੋਏ ਹਨ ਅਤੇ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਪੁਲਿਸ ਨੇ ਪੰਚਾਇਤ ਕੋਲੋਂ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਮੰਗੇ, ਪਰ ਪੰਚਾਇਤ ਵੱਲੋਂ ਕੋਈ ਢੁੱਕਵੇਂ ਕਾਗਜ਼ ਪੇਸ਼ ਨਹੀਂ ਕੀਤੇ ਗਏ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਡੀਐੱਸਪੀ ਨੇ ਕਿਹਾ ਕਿ ਜ਼ਮੀਨ “ਲਾਲ ਲਕੀਰ” ਵਿੱਚ ਹੋਣ ਦੇ ਬਾਵਜੂਦ ਜਿਸਦਾ ਕਬਜ਼ਾ ਹੁੰਦਾ ਹੈ, ਉਹੀ ਮਾਲਕ ਮੰਨਿਆ ਜਾਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਚਾਇਤ ਕਾਨੂੰਨੀ ਪ੍ਰਕਿਰਿਆ ਅਧੀਨ ਕਬਜ਼ਾ ਲੈ ਸਕਦੀ ਹੈ, ਪਰ ਜ਼ਬਰਦਸਤੀ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਦੂਜੇ ਪਾਸੇ ਪੰਚਾਇਤ ਆਪਣੇ ਫੈਸਲੇ ‘ਤੇ ਅਡਿੱਗ ਹੈ ਅਤੇ ਹਰ ਹਾਲਤ ’ਚ ਜ਼ਮੀਨ ਹਾਸਲ ਕਰਨ ਦੀ ਗੱਲ ਕਰ ਰਹੀ ਹੈ। ਥਾਣੇ ਅੱਗੇ ਚੱਲ ਰਿਹਾ ਇਹ ਟਕਰਾਅ ਕਿਸੇ ਵੀ ਵੇਲੇ ਵੱਡਾ ਰੂਪ ਧਾਰ ਸਕਦਾ ਹੈ, ਜਿਸ ਨਾਲ ਪ੍ਰਸ਼ਾਸਨ ਲਈ ਚੁਣੌਤੀ ਬਣ ਗਈ ਹੈ। ਖ਼ਬਰ ਲਿਖੇ ਜਾਣ ਤਕ ਪਿੰਡ ਵਾਸੀ ਥਾਣੇ ਅੱਗੇ ਡਟੇ ਹੋਏ ਸਨ।