ਲੈਂਡ ਮਾਰਗੇਜ ਬੈਂਕਾਂ ਦੇ ਬਾਹਰ ਕਿਸਾਨਾਂ ਨੇ ਲਾਇਆ ਧਰਨਾ
ਲੈਂਡ ਮਾਰਗੇਜ ਬੈਂਕਾਂ ਦੇ ਬਾਹਰ ਕਿਸਾਨਾਂ ਨੇ ਲਗਾਏ ਧਰਨੇ
Publish Date: Mon, 30 Mar 2026 06:11 PM (IST)
Updated Date: Tue, 31 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬੈਨਰ ਹੇਠ ਕਿਸਾਨਾਂ ਨੇ ਲੈਂਡ ਮਾਰਗੇਜ ਬੈਂਕਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਤਿੱਖਾ ਵਿਰੋਧ ਜਤਾਇਆ। ਇਸ ਦੌਰਾਨ ਕਿਸਾਨਾਂ ਨੇ ਬੈਂਕ ਦੀਆਂ ਨੀਤੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਗਾਇਆ ਕਿ ਇਨ੍ਹਾਂ ਕਾਰਨਾਂ ਕਰਕੇ ਛੋਟੇ ਕਿਸਾਨਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਆਤਮ ਹੱਤਿਆ ਵਰਗੇ ਕਦਮ ਚੁੱਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਕ ਕਿਸਾਨ ਨੇ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਉਸ ਨੇ ਵਿਆਜ ਸਮੇਤ ਲਗਭਗ 17 ਲੱਖ ਰੁਪਏ ਵਾਪਸ ਕਰ ਦਿੱਤੇ। ਇਸ ਦੇ ਬਾਵਜੂਦ ਬੈਂਕ ਵੱਲੋਂ ਉਸ ਉੱਤੇ ਹੋਰ ਕਰਜ਼ਾ ਬਕਾਇਆ ਦਿਖਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਨਸਿਕ ਦਬਾਅ ਕਾਰਨ ਦੋ ਕਿਸਾਨ ਭਰਾਵਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜੋ ਕਿ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਬੈਂਕ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਕ ਪਾਸੇ ਵੱਡੇ ਉਦਯੋਗਪਤੀਆਂ ਅਤੇ ਅਮੀਰ ਲੋਕਾਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਮਾਫ ਜਾਂ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਛੋਟੇ ਕਿਸਾਨਾਂ ‘ਤੇ ਸਖ਼ਤੀ ਕੀਤੀ ਜਾਂਦੀ ਹੈ। ਇਹ ਦੋਹਰਾ ਮਾਪਦੰਡ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਰਨੇ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਰੋਸ ਪ੍ਰਗਟਾਉਂਦੇ ਹੋਏ ਪੁਤਲਾ ਫੂਕ ਕੇ ਵਿਰੋਧ ਦਰਜ ਕਰਵਾਇਆ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਵੀ ਕਿਸਾਨਾਂ ਵੱਲੋਂ ਕਰੀਬ ਦੋ ਘੰਟੇ ਲਈ ਧਰਨੇ ਲਗਾ ਕੇ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੀ ਮੁੱਖ ਮੰਗ ਹੈ ਕਿ ਜਿਨ੍ਹਾਂ ਬੈਂਕ ਅਧਿਕਾਰੀਆਂ ਦੀ ਲਾਪਰਵਾਹੀ ਜਾਂ ਗਲਤ ਨੀਤੀਆਂ ਕਾਰਨ ਕਿਸਾਨਾਂ ਨੂੰ ਆਤਮਹਤਿਆ ਕਰਨ ਲਈ ਮਜਬੂਰ ਹੋਣਾ ਪਿਆ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕਰਜ਼ੇ ਦੇ ਭਾਰ ਤੋਂ ਰਾਹਤ ਦੇਣ ਲਈ ਸਰਕਾਰ ਵੱਲੋਂ ਢੁੱਕਵੇਂ ਅਤੇ ਠੋਸ ਕਦਮ ਚੁੱਕੇ ਜਾਣ। ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣਗੇ ਅਤੇ ਜਦ ਤਕ ਇਨਸਾਫ ਨਹੀਂ ਮਿਲਦਾ, ਧਰਨੇ ਅਤੇ ਪ੍ਰਦਰਸ਼ਨ ਜਾਰੀ ਰਹਿਣਗੇ।