ਪੇਂਡੂ ਕਬੱਡੀ ਖੇਡ ਮੇਲੇ ਦੀਆਂ ਜੇਤੂ ਟੀਮਾਂ ਸਨਮਾਨਿਤ
ਪੇਂਡੂ ਕਬੱਡੀ ਖੇਡ ਮੇਲਾ ਸੰਪੰਨ
Publish Date: Mon, 30 Mar 2026 05:40 PM (IST)
Updated Date: Tue, 31 Mar 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿੰਡ ਬਾਂਡੀ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਸਮੂਹ ਨਗਰ ਅਤੇ ਐਨਆਰਆਈ ਕਲੱਬ ਦੇ ਸਹਿਯੋਗ ਨਾਲ 17ਵਾਂ ਸ਼ਾਨਦਾਰ ਤਿੰਨ ਦਿਨਾਂ ਪੇਂਡੂ ਕਬੱਡੀ ਖੇਡ ਮੇਲਾ ਪਿੰਡ ਦੇ ਖੇਡ ਗਰਾਊਂਡ ਵਿਚ ਕਰਵਾਇਆ ਗਿਆ। ਤਿੰਨ ਦਿਨ ਚੱਲੇ ਇਸ ਖੇਡ ਮੇਲੇ ਵਿਚ ਵੱਡੀ ਗਿਣਤੀ ਪੁੱਜੇ ਦਰਸ਼ਕਾਂ ਨੇ ਮਾਂ ਖੇਡ ਕਬੱਡੀ ਦਾ ਖੂਬ ਅਨੰਦ ਮਾਣਿਆ।ਪਹਿਲੇ ਦਿਨ ਖੇਡ ਮੇਲੇ ਦਾ ਉਦਘਾਟਨ ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਢਿੱਲੋਂ , ਜਥੇਦਾਰ ਰਛਪਾਲ ਸਿੰਘ ਮਾਨ ਤੇ ਹੁਕਮ ਸਿੰਘ ਗਰੇਵਾਲ ਨੇ ਕੀਤਾ। ਉਨ੍ਹਾਂ ਕਲੱਬ ਨੂੰ ਸਹਾਇਤਾ ਰਾਸ਼ੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਖੇਡ ਮੇਲੇ ਵਿਚ ਪੰਜਾਬ ਅਤੇ ਹਰਿਆਣਾ ਤੋਂ ਵੱਖ ਵੱਖ ਭਾਰ ਵਰਗ ਦੀਆਂ 70 ਨਾਮਵਰ ਟੀਮਾਂ ਨੇ ਹਿੱਸਾ ਲਿਆ। ਕਬੱਡੀ ਓਪਨ ’ਚ ਹੋਏ ਸਖਤ ਮੁਕਾਬਲੇ ਦੌਰਾਨ ਤੁੰਗਵਾਲੀ ਦੇ ਗੱਭਰੂਆਂ ਨੇ ਹਿੰਮਤਪੁਰਾ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ਦੇ ਵੱਡੇ ਇਨਾਮ ਤੇ ਕਬਜ਼ਾ ਕੀਤਾ। ਓਪਨ 3 ਬਾਹਰੋਂ ਦੀਆਂ 30 ਟੀਮਾਂ ਚੋਂ ਨਿੱਤਰਕੇ ਸੈਮੀਫਾਈਨਲ ’ਚ ਪੁੱਜੀਆਂ 4 ਟੀਮਾਂ ’ਚੋਂ ਚੱਠੇਵਾਲਾ, ਨੇ ਦਿਉਣ ਅਤੇ ਦੋਦਾ ਦੀ ਟੀਮ ਨੇ ਅਰਨੀਵਾਲਾ ਨੂੰ ਹਰਾ ਕੇ ਫਾਈਨਲ ਚ ਥਾਂ ਬਣਾਈ। ਫਾਈਨਲ ’ਚ ਪੁੱਜੀਆਂ ਚੱਠੇਵਾਲਾ ਤੇ ਦੋਦਾ ਦੀਆਂ ਟੀਮਾਂ ਵਿਚਕਾਰ ਸਖ਼ਤ ਭੇੜ ਹੋਏ, ਜਿਸ ਵਿਚ ਚੱਠੇਵਾਲਾ ਦੀ ਟੀਮ ਨੇ ਡੇਢ ਨੰਬਰ ਨਾਲ ਜਿੱਤ ਪ੍ਰਾਪਤ ਕੀਤੀ। ਟੂਰਨਾਮੈਂਟ ਦੌਰਾਨ ਬੈਸਟ ਰੇਡਰ ਸੇਵਕ ਰੋਮਾਣਾ ਅਤੇ ਬੈਸਟ ਜਾਫੀ ਦੀਪੂ ਰੋਗਲਾ ਐਲਾਨੇ ਗਏ। ਜੇਤੂ ਟੀਮਾਂ ਨੂੰ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੇ ਇਨਾਮ ਵੰਡੇ।