ਸਹਾਰਾ ਸਮਾਜ ਸੇਵਾ ਵੱਲੋਂ ਸਹਾਰਾ ਧਾਮ ਦੀ ਸ਼ੂਰੁਆਤ
ਸਹਾਰਾ ਸਮਾਜ ਸੇਵਾ ਵੱਲੋਂ ਸਹਾਰਾ ਧਾਮ ਦੀ ਸ਼ੂਰੁਆਤ
Publish Date: Sun, 29 Mar 2026 05:21 PM (IST)
Updated Date: Mon, 30 Mar 2026 04:06 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਦੇ ਪ੍ਰਧਾਨ ਸੰਦੀਪ ਵਰਮਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਅਤੇ ਇਹੀ ਸੋਚ ਨਾਲ ਉਨ੍ਹਾਂ ਦੀ ਟੀਮ ਪਿਛਲੇ ਲੰਬੇ ਸਮੇਂ ਤੋਂ ਸੜਕ ਹਾਦਸਿਆਂ ਵਿਚ ਜਖਮੀ ਹੋਏ ਲੋਕਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ‘ਐਂਬੂਲੈਂਸ’ ਰਾਹੀਂ ਜਿੱਥੇ ਵੀ ਐਕਸੀਡੈਂਟ ਦੀ ਸੂਚਨਾ ਮਿਲਦੀ ਹੈ, ਉਨ੍ਹਾਂ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਕੇ ਜਖਮੀਆਂ ਨੂੰ ਹਸਪਤਾਲ ਪਹੁੰਚਾਉਂਦੀ ਹੈ, ਪਹਿਲਾਂ ਮਕਸਦ ਬੇ-ਸਹਾਰੇ ਵਿਅਕਤੀਆਂ ਦੀ ਅਤੇ ਲਵਾਰਸ ਲਾਸ਼ਾਂ ਦੀ ਪਹਿਚਾਣ ਕਰਵਾਉਣਾ, ਵਿਅਕਤੀਆਂ ਦੀ ਸ਼ਨਾਖਤ ਨਾ ਹੋਣ ਤੇ ਆਸ਼ਰਮ ਵਿਚ ਭੇਜਣਾ ਤੇ ਲਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨਾ ਅਤੇ ਲੋੜ ਪੈਣ ’ਤੇ ਖੂਨਦਾਨ ਕੈਂਪ ਤੇ ਹੋਰ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਕਈ ਵਾਰ ਛੋਟੀ ਜਿਹੀ ਦੇਰੀ ਵੀ ਕਿਸੇ ਦੀ ਜ਼ਿੰਦਗੀ ਲਈ ਖਤਰਾ ਬਣ ਸਕਦੀ ਹੈ, ਇਸ ਲਈ ਸਮਾਜ ਦੇ ਹਰ ਵਿਅਕਤੀ ਨੂੰ ਅੱਗੇ ਆ ਕੇ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਸੜਕ ਹਾਦਸਿਆਂ ’ਚ ਜ਼ਖ਼ਮੀਆਂ ਦੀ ਮਦਦ ਕਰਨਾ ਸਿਰਫ਼ ਇਨਸਾਨੀ ਫ਼ਰਜ਼ ਹੀ ਨਹੀਂ, ਸਗੋਂ ਕਾਨੂੰਨੀ ਤੌਰ ‘ਤੇ ਵੀ ਸੁਰੱਖਿਅਤ ਹੈ ਅਤੇ ਇਸ ਲਈ ਲੋਕਾਂ ਨੂੰ ਡਰਣ ਦੀ ਲੋੜ ਨਹੀਂ। ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਿਰਫ਼ ਹਾਦਸਾ ਪੀੜਤਾਂ ਦੀ ਮਦਦ ਤਕ ਹੀ ਸੀਮਤ ਨਹੀਂ, ਸਗੋਂ ਖੂਨਦਾਨ ਕੈਂਪ, ਗਰੀਬਾਂ ਦੀ ਮਦਦ ਤੇ ਹੋਰ ਸਮਾਜਿਕ ਕਾਰਜਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਹਾਰਾ ਸਮਾਜ ਸੇਵਾ ਵੱਲੋਂ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਇਕ ਬੇ-ਸਹਾਰਿਆ ਦਾ ਘਰ ਤਿਆਰ ਕੀਤਾ ਜਾ ਰਿਹਾ ਹੈ, ਇਸ ਉਪਰਾਲੇ ਲਈ ਉਨ੍ਹਾਂ ਨੇ ਦਾਨੀ ਸੱਜਣਾਂ ਨੂੰ ਖੁੱਲ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਅੰਤ ’ਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਕੋਈ ਹਾਦਸਾ ਵੇਖੋ, ਤੁਰੰਤ ਮਦਦ ਲਈ ਅੱਗੇ ਆਓ ਅਤੇ ਮਨੁੱਖਤਾ ਦਾ ਫ਼ਰਜ਼ ਨਿਭਾਓ। ਜੇਕਰ ਹਰ ਵਿਅਕਤੀ ਥੋੜ੍ਹੀ ਜਿਹੀ ਜ਼ਿੰਮੇਵਾਰੀ ਲਏ, ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਸਹਾਰਾ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਕਾਲਾ, ਮਨੋਜ ਕੁਮਾਰ ਖਜ਼ਾਨਚੀ, ਕੇਵਲ ਸਿੰਘ ਸੈਕਟਰੀ, ਅਕਾਸ਼ ਕੋਸਲ ਕਨੂੰਨੀ ਸਲਾਹਕਾਰ, ਰਜਨੀਸ਼ ਕਰਕਰਾ ਸਹਾਇਕ ਪ੍ਰੈਸ ਸਕੱਤਰ, ਜਸਪਾਲ ਸਿੰਘ ਹੈਪੀ ਸਲਾਹਕਾਰ, ਮੈਂਬਰ ਗੁਰਤੇਜ ਸਿੰਘ ਕਾਲਾ, ਪ੍ਰਦੀਪ ਕੁਮਾਰ, ਜਗਤਾਰ ਸਿੰਘ ਤਾਰੀ, ਵਰਿੰਦਰ ਸਿੰਘ ਬਿੰਦਰ, ਹਰਜੀਵਨ ਸਿੰਘ ਖਾਲਸਾ, ਸੁਖਚੈਨ ਸਿੰਘ ਸੁੱਖਾ, ਗਗਨਦੀਪ ਸਿੰਘ, ਅਜੀਤ ਅਗਰਵਾਲ ਹਾਜ਼ਰ ਸਨ।