ਸਰਕਾਰੀ ਸਕੂਲਾਂ ’ਚ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
Publish Date: Sun, 29 Mar 2026 05:16 PM (IST)
Updated Date: Mon, 30 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਨੇ ਬਠਿੰਡਾ ਜ਼ਿਲ੍ਹੇ ਦੇ ਸਾਰੀਆਂ ਸਹਾਇਕ ਅਤੇ ਸੀਨੀਅਰ ਸਕੂਲਾਂ ’ਚ ਵਿਜ਼ਿਟ ਕੀਤਾ। ਮਮਤਾ ਖੁਰਾਣਾ ਸੇਠੀ ਨੇ ਬਠਿੰਡਾ ਦੇ ਸਰਕਾਰੀ ਸਕੂਲ ਬੀੜ ਬਸਤੀ, ਸਰਕਾਰੀ ਸਕੂਲ ਨਰੂਆਣਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਵਿਚ ਚੱਲ ਰਹੀ ਮੈਗਾ ਮਾਪੇ-ਅਧਿਆਪਕ ਮਿਲਣੀ ਵਿਚ ਹਿੱਸਾ ਲਿਆ। ਉਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੇ ਨਤੀਜੇ, ਸਕੂਲ ਵਿਕਾਸ ਪ੍ਰੋਜੈਕਟ, ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਅਤੇ ਸਕੂਲ ਵਿਚ ਚਲ ਰਹੀ ਵਿਸ਼ੇਸ਼ ਦਾਖਲਾ ਮੁਹਿੰਮ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਤੇ ਸਕੂਲ ਸਟਾਫ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਵਿਚ ਮਾਪਿਆਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਖੁਰਾਣਾ ਸੇਠੀ ਨੇ ਮਾਪਿਆਂ ਨੂੰ ਸਕੂਲਾਂ ਵਿਚ ਆਪਣੇ ਬੱਚਿਆਂ ਦੀ ਪੜਾਈ ਲਈ ਸਹਿਯੋਗ ਅਤੇ ਸਕੂਲ ਵਿਕਾਸ ਵਿਚ ਭਾਗੀਦਾਰੀ ਲਈ ਜਾਗਰੂਕ ਕੀਤਾ। ਉਨ੍ਹਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਲਈ ਪਿਆਰ-ਭਰਾ ਤੇ ਦੋਸਤੀ ਭਰਿਆ ਮਾਹੌਲ ਬਣਾਇਆ ਜਾਵੇ, ਸਮੱਸਿਆਵਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਅਤੇ ਪੜਾਈ ਸਮੇਂ ਬੱਚਿਆਂ ਨੂੰ ਮੋਬਾਈਲ ਅਤੇ ਹੋਰ ਵਿਘਨ ਤੋਂ ਦੂਰ ਰੱਖਿਆ ਜਾਵੇ। ਇਸ ਮੌਕੇ ਉਨ੍ਹਾਂ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਨਾਲ ਮੁਲਾਕਾਤ ਕਰਕੇ ਸਕੂਲ ਵਿਕਾਸ ਅਤੇ ਸਿੱਖਿਆ ਸੁਧਾਰ ਵਿਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਤੇ ਸਮੂਹ ਸਟਾਫ ਨੂੰ ਵਿਸ਼ੇਸ਼ ਦਾਖਲਾ ਮੁਹਿੰਮ ਚਲਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।