ਸਰਕਾਰੀ ਸਕੂਲ ’ਚ ਸਮਾਰਟ ਫਲੈਟ ਪੈਨਲ ਸ਼ੁਰੂ
ਸਰਕਾਰੀ ਸਕੂਲ ਵਿਚ ਸਮਾਰਟ ਫਲੈਟ ਪੈਨਲਾਂ ਦੀ ਸ਼ੁਰੂਆਤ
Publish Date: Sun, 29 Mar 2026 04:31 PM (IST)
Updated Date: Mon, 30 Mar 2026 04:01 AM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਪਿੰਡ ਨਥਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਲਈ ਇੰਟਰਐਕਟਿਵ ਸਮਾਰਟ ਫਲੈਟ ਪੈਨਲ ਸੌਂਪੇ ਗਏ। ਪਹਿਲਾਂ ਇਹ ਪੈਨਲ ਸਿਰਫ ਪ੍ਰਾਈਵੇਟ ਕੋਚਿੰਗ ਸੈਂਟਰਾਂ ਵਿੱਚ ਹੀ ਉਪਲਬਧ ਹੁੰਦੇ ਸਨ। ਸਕੂਲ ਨੂੰ ਦੋ ਵਾਈ-ਫਾਈ ਨਾਲ ਕਨੈਕਟਡ ਸਮਾਰਟ ਫਲੈਟ ਪੈਨਲ ਦਿੱਤੇ ਗਏ ਹਨ, ਜੋ ਬਲੈਕਬੋਰਡ ਵਾਂਗ ਵਰਤੇ ਜਾ ਸਕਣਗੇ ਅਤੇ ਬੱਚਿਆਂ ਨੂੰ ਜੋ ਸਵਾਲ ਸਮਝ ਨਹੀਂ ਆਉਂਦੇ, ਉਹ ਇੰਟਰਨੈਟ ਦੀ ਮਦਦ ਨਾਲ ਆਸਾਨੀ ਨਾਲ ਸਮਝਾਏ ਜਾ ਸਕਣਗੇ। ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲ ਅਤੇ ਨਗਰ ਪ੍ਰਧਾਨ ਇੰਦਰਵੀਰ ਕੌਰ ਨੇ ਦੱਸਿਆ ਕਿ ਨਵੇਂ ਕਮਰੇ ਬਣਨ ਉਪਰੰਤ ਹੋਰ ਦੋ ਸਮਾਰਟ ਫਲੈਟ ਪੈਨਲ ਵੀ ਲਗਾਏ ਜਾਣਗੇ। ਇੰਚਾਰਜ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਕਿਹਾ ਕਿ ਸਕੂਲ 100 ਸਾਲ ਪੁਰਾਣਾ ਹੈ ਅਤੇ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਾਈਵੇਟ ਸਕੂਲਾਂ ਵਰਗੀ ਟੈਕਨੋਲੋਜੀ ਉਪਲਬਧ ਹੋ ਰਹੀ ਹੈ। ਇਸ ਮੌਕੇ ਲੈਕਚਰਾਰ ਬਲਜਿੰਦਰ ਸਿੰਘ, ਕਵਿਤਾ ਗੁਪਤਾ ਅਤੇ ਭੁਪਿੰਦਰ ਸਿੰਘ ਆਦਿ ਵੀ ਮੌਜੂਦ ਸਨ।