ਜ਼ਿਲ੍ਹੇ ‘ਚ ਗੈਸ, ਪੈਟਰੋਲ ਤੇ ਡੀਜ਼ਲ ਸਬੰਧੀ ਕੋਈ ਦਿੱਕਤ ਨਹੀਂ : ਡੀਸੀ
ਜ਼ਿਲ੍ਹਾ ਬਠਿੰਡਾ ‘ਚ ਗੈਸ, ਪਟਰੋਲ ਅਤੇ ਡੀਜਲ ਸਬੰਧੀ ਕੋਈ ਦਿੱਕਤ ਨਹੀਂ-ਡੀਸੀ
Publish Date: Fri, 27 Mar 2026 06:58 PM (IST)
Updated Date: Sat, 28 Mar 2026 04:09 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਅੱਜ ਜ਼ਿਲ੍ਹੇ ਵਿੱਚ ਪੈਟਰੋਲ ਡੀਜ਼ਲ ਅਤੇ ਘਰੇਲੂ ਗੈਸ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਤੇ ਜਾਂਚਣ ਲਈ ਬਠਿੰਡਾ ਸ਼ਹਿਰ ਵਿਖੇ ਪੈਟਰੋਲ ਪੰਪ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਹੁਕਮਾਂ ਅਨੁਸਾਰ ਫੂਡ ਸਪਲਾਈ ਵਿਭਾਗ ਵੱਲੋਂ ਗੈਸ ਏਜੰਸੀਆਂ ਦੀ ਸ਼ਹਿਰ ਵਿਚ ਚੈਕਿੰਗ ਕੀਤੀ ਗਈ। ਬੀਬੀ ਵਾਲੇ ਰੋਡ ਵਿਖੇ ਸਥਿਤ ਪੈਟਰੋਲ ਪੰਪ ਵਿਖੇ ਚੈਕਿੰਗ ਲਈ ਪੁੱਜੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਪੰਪ ਤੇ ਮੌਜੂਦ ਆਮ ਖਪਤਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਪਾਇਆ ਗਿਆ ਕਿ ਪੈਟਰੋਲ ਪੰਪ ਤੇ ਕੋਈ ਜ਼ਿਆਦਾ ਭੀੜ ਨਹੀਂ ਹੈ ਅਤੇ ਆਮ ਪਬਲਿਕ ਨੂੰ ਆਸਾਨੀ ਨਾਲ ਉਨ੍ਹਾਂ ਦੀ ਮੰਗ ਅਨੁਸਾਰ ਪੈਟਰੋਲ ਅਤੇ ਡੀਜ਼ਲ ਮਿਲ ਰਿਹਾ ਹੈ। ਡੀਸੀ ਧੀਮਾਨ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਬਠਿੰਡਾ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਮੁਕੰਮਲ ਸਟਾਕ ਉੱਪਲਬਧ ਹੈ ਤੇ ਕਿਸੇ ਨੂੰ ਵੀ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਫਿਰ ਵੀ ਕਿਸੇ ਖਪਤਕਾਰ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜਿਲ੍ਹੇ ਦੇ ਪ੍ਰਸ਼ਾਸਕ, ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਬਠਿੰਡਾ ਜਾਂ ਸਬੰਧਤ ਕੰਪਨੀ ਦੇ ਸੇਲਜ਼ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਡੀਸੀ ਧੀਮਾਨ ਦੇ ਹੁਕਮਾਂ ’ਤੇ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਬਠਿੰਡਾ ਅਤੇ ਐੱਚਪੀਸੀਐੱਲ ਦੇ ਸੇਲਜ਼ ਅਫਸਰ ਆਯੂਸ਼ ਚੌਹਾਨ ਅਤੇ ਆਈਓਸੀਐੱਲ ਦੇ ਸੇਲਜ਼ ਅਫਸਰ ਸੰਚਿਤ ਸ਼ਰਮਾ ਵੱਲੋਂ ਮਾਨ ਗੈਸ ਸਰਵਿਸ ਅਤੇ ਜਗਦੀਪ ਗੈਸ ਦੀ ਪੜਤਾਲ ਕੀਤੀ ਗਈ।ਪੜਤਾਲ ਦੌਰਾਨ ਉਨ੍ਹਾਂ ਵੱਲੋਂ ਪਬਲਿਕ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਮੌਕੇ ’ਤੇ ਹੀ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ। ਪੜਤਾਲ ਦੌਰਾਨ ਗੈਸ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਪੇਂਡੂ ਖਪਤਕਾਰਾਂ ਨੂੰ ਪਿੰਡਾਂ ਵਿੱਚ ਹੀ ਗੈਸ ਦੀ ਡਲਿਵਰੀ ਕਰਨੀ ਯਕੀਨੀ ਬਣਾਈ ਜਾਵੇ ਤੇ ਜਿਹੜੇ ਖਪਤਕਾਰਾਂ ਦਾ ਈਕੇਵਾਈਸੀ ਨਹੀਂ ਹੋਈ ਹੈ ਉਨ੍ਹਾਂ ਦੀ ਈਕੇਵਾਈਸੀ ਕਰਨ ਲਈ ਵੱਖਰਾ ਕਾਊਂਟਰ ਚਲਾਇਆ ਜਾਵੇ ਤਾਂ ਜੋ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਘਰੇਲੂ ਗੈਸ ਅਤੇ ਪ੍ਰਾਯਪਤ ਸਟਾਕ ਉਪਲਬਧ ਹੈ ਅਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਲਈ ਆਮ ਜਨਤਾ ਨੂੰ ਉਨ੍ਹਾਂ ਵੱਲੋਂ ਅਪੀਲ ਕਰਦਿਾਂ ਕਿਹਾ ਕਿ ਘਰੇਲੂ ਗੈਸ ਸਬੰਧੀ ਕਿਸੇ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਹੈ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰਸਟ ਜਤਿੰਦਰ ਸਿੰਘ ਭੱਲਾ ਵੀ ਮੌਜੂਦ ਸਨ।