- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੋਦਯਾ ਵਿਦਿਆਲਯ ਦੀਆਂ 28 ਫੀਸਦੀ ਸੀਟਾਂ ‘ਤੇ ਐਚਐਮਈਐਲ ਸਮਰਥਿਤ ਦੋ ਸਕੂਲਾਂ ਦੇ 22 ਵਿਦਿਆਰਥੀਆਂ ਦਾ ਰਿਕਾਰਡ ਪ੍ਰਦਰਸ਼ਨ

- ਗਿਆਨਾ ਤੇ ਕੋਟਬਖਤੂ ਪ੍ਰਾਇਮਰੀ ਸਕੂਲਾਂ ਤੋਂ 11-11 ਬੱਚਿਆਂ ਵੱਲੋਂ ਪ੍ਰੀਖਿਆ ਪਾਸ
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ
ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਵੀ ਉੱਚ ਪੱਧਰੀ ਸਿੱਖਿਆ ਅਤੇ ਸਹੀ ਮਾਰਗਦਰਸ਼ਨ ਨਾਲ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਸ ਗੱਲ ਨੂੰ ਸਾਬਤ ਕਰਦਿਆਂ ਤਲਵੰਡੀ ਸਾਬੋ ਅਤੇ ਸੰਗਤ ਬਲਾਕ ਦੇ ਦੋ ਸਰਕਾਰੀ ਪ੍ਰਾਇਮਰੀ ਸਕੂਲ ਕੋਟਬਖਤੂ ਅਤੇ ਗਿਆਨਾ ਨੇ ਨਵੋਦਯਾ ਵਿਦਿਆਲਯ ਦਾਖਲਾ ਪ੍ਰੀਖਿਆ ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਨਵੋਦਿਆ ਸਕੂਲ ਦੀਆਂ ਕੁੱਲ 80 ਸੀਟਾਂ ਵਿੱਚੋਂ ਲਗਭਗ 28 ਫ਼ੀਸਦੀ ਸੀਟਾਂ ’ਤੇ ਇਨ੍ਹਾਂ ਦੋ ਸਕੂਲਾਂ ਦੇ 22 ਵਿਦਿਆਰਥੀਆਂ ਦੀ ਚੋਣ ਹੋਈ ਹੈ। ਦੋਵੇਂ ਸਕੂਲਾਂ ਤੋਂ 11-11 ਵਿਦਿਆਰਥੀਆਂ ਦੀ ਸਫਲਤਾ ਨੇ ਖੇਤਰ ਵਿਚ ਇਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਇਸ ਸਫਲਤਾ ਦੇ ਪਿੱਛੇ ਐਚਐਮਈਐਲ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਮਹੱਤਵਪੂਰਨ ਰਹੀ ਹੈ। ਐੱਚਐੱਮਈਐੱਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਸਮਰਥਨ ਹੇਠ ਸਕੂਲਾਂ ਵਿੱਚ ਸਮਾਰਟ ਪੈਨਲ, ਲਾਇਬ੍ਰੇਰੀ, ਸਟੇਸ਼ਨਰੀ, ਇਨਵਰਟਰ ਅਤੇ ਹੋਰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਵਾਧੂ ਕਲਾਸਾਂ ਤੇ ਰੀਜਨਿੰਗ ’ਤੇ ਧਿਆਨ ਦੇਣ ਨਾਲ ਵਿਦਿਆਰਥੀਆਂ ਦੀ ਤਿਆਰੀ ਹੋਰ ਮਜ਼ਬੂਤ ਹੋਈ। ਇਸ ਦਾ ਨਤੀਜਾ ਇਹ ਰਿਹਾ ਕਿ ਆਮ ਪਿੰਡੂ ਪਿਛੋਕੜ ਤੋਂ ਆਉਣ ਵਾਲੇ ਬੱਚਿਆਂ ਨੇ ਵੀ ਨਵੋਦਿਆ ਵਰਗੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਥਾਂ ਬਣਾਈ। ਹੋਰ ਐਚਐਮਈਐਲ ਸਮਰਥਿਤ ਸਕੂਲਾਂ ਵਿਚ ਵੀ ਵਧੀਆ ਨਤੀਜੇ ਸਾਹਮਣੇ ਆਏ ਹਨ। ਸਿੰਗੋ ਤੋਂ 3, ਮਲਕਾਣਾ ਤੋਂ 2 ਅਤੇ ਨਥੇਹਾ, ਪੱਕਾ ਕਲਾਂ, ਸੇਖੂ, ਤਰਖਾਣਵਾਲਾ ਅਤੇ ਚੱਕ ਰੂਲਦੂ ਸਿੰਘ ਤੋਂ ਇੱਕ-ਇੱਕ ਵਿਦਿਆਰਥੀ ਦੀ ਚੋਣ ਨਵੋਦਯਾ ਵਿਦਿਆਲਯ ਲਈ ਹੋਈ ਹੈ। ਸਰਕਾਰੀ ਪ੍ਰਾਇਮਰੀ ਸਕੂਲ ਕੋਟਬਖਤੂ ਨੇ ਇਸ ਸਾਲ ਸ਼ਾਨਦਾਰ ਤਰੱਕੀ ਦਰਜ ਕੀਤੀ ਹੈ। 2023 ਵਿਚ 6 ਅਤੇ 2024 ਵਿਚ 7 ਵਿਦਿਆਰਥੀਆਂ ਦੀ ਚੋਣ ਦੇ ਮੁਕਾਬਲੇ 2025-26 ਵਿਚ 11 ਵਿਦਿਆਰਥੀਆਂ ਦੀ ਚੋਣ ਹੋਈ ਹੈ, ਜੋ ਦੋਗੁਣੇ ਵਾਧੇ ਨੂੰ ਦਰਸਾਉਂਦਾ ਹੈ।
ਗਿਆਨਾ ਪ੍ਰਾਇਮਰੀ ਸਕੂਲ ਪਿਛਲੇ 8 ਸਾਲਾਂ ਤੋਂ ਲਗਾਤਾਰ ਨਵੋਦਯਾ ਲਈ ਵਿਦਿਆਰਥੀ ਤਿਆਰ ਕਰ ਰਿਹਾ ਹੈ। ਹੁਣ ਤੱਕ ਇਸ ਸਕੂਲ ਦੇ 50 ਤੋਂ ਵੱਧ ਵਿਦਿਆਰਥੀ ਨਵੋਦਯਾ ਵਿਦਿਆਲਯ ਵਿਚ ਦਾਖਲਾ ਲੈ ਚੁੱਕੇ ਹਨ। 2018 ਵਿੱਚ 2 ਵਿਦਿਆਰਥੀਆਂ ਨਾਲ ਸ਼ੁਰੂ ਹੋਈ ਇਹ ਯਾਤਰਾ ਹਰ ਸਾਲ ਵਧਦੀ ਗਈ ਅਤੇ ਇਸ ਸਾਲ ਫਿਰ 11 ਵਿਦਿਆਰਥੀਆਂ ਦੀ ਚੋਣ ਹੋਈ ਹੈ। ਸਾਲ 2024-25 ਵਿਚ ਜ਼ਿਲ੍ਹੇ ਦੇ ਕੁੱਲ 80 ਵਿਦਿਆਰਥੀਆਂ ਵਿੱਚੋਂ ਸਭ ਤੋਂ ਵੱਧ 28 ਵਿਦਿਆਰਥੀ ਤਲਵੰਡੀ ਸਾਬੋ ਬਲਾਕ ਤੋਂ ਚੁਣੇ ਗਏ ਸਨ। ਇਸ ਸਾਲ ਕੇਵਲ ਦੋ ਸਕੂਲਾਂ ਵੱਲੋਂ ਹੀ 22 ਚੋਣਾਂ ਹੋਣਾ ਇਸ ਖੇਤਰ ਦੀ ਮਜ਼ਬੂਤ ਸਿੱਖਿਆ ਪ੍ਰਣਾਲੀ ਨੂੰ ਦਰਸਾਉਂਦਾ ਹੈ। ਹੈੱਡਟੀਚਰ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਰੀਜ਼ਨਿੰਗ ‘ਤੇ ਮਜ਼ਬੂਤ ਪਕੜ ਨਾਲ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧਿਆ ਹੈ, ਜਦਕਿ ਕੋਟਬਖਤੂ ਦੇ ਹੈੱਡਟੀਚਰ ਨਵਤੇਜ ਸਿੰਘ ਨੇ ਦੱਸਿਆ ਕਿ ਸਮਾਰਟ ਪੈਨਲ ਅਤੇ ਵਾਧੂ ਕਲਾਸਾਂ ਨੇ ਨਤੀਜਿਆਂ ਨੂੰ ਬਿਹਤਰ ਬਣਾਇਆ ਹੈ।