ਸ੍ਰੀ ਅਖੰਡ ਪਾਠ ਦੇ ਭੋਗ ਦੌਰਾਨ 25 ਯੂਨਿਟ ਖ਼ੂਨ ਇਕੱਤਰ
ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਖੂਨਦਾਨ ਕੈਂਪ ਲਾਇਆ
Publish Date: Fri, 27 Mar 2026 05:06 PM (IST)
Updated Date: Sat, 28 Mar 2026 04:03 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਕ ਸਲਾਘਾਯੋਗ ਅਤੇ ਪ੍ਰੇਰਣਾਦਾਇਕ ਉਪਰਾਲਾ ਕਰਦਿਆਂ ਪਿੰਡ ਨਰੂਆਣਾ ਦੇ ਮੌਜੂਦਾ ਸਰਪੰਚ ਗੁਰਧਿਆਨ ਸਿੰਘ ਢਿੱਲੋਂ ਵੱਲੋਂ ਸ੍ਰੀ ਅਖੰਡ ਪਾਠ ਦੇ ਭੋਗ ਦੇ ਪਵਿੱਤਰ ਮੌਕੇ ‘ਤੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਗੁਰੂ ਨਾਨਕ ਦੇਵ ਚੈਰੀਟੇਬਲ ਮਲਟੀਸਪੈਸ਼ਲਿਸਟ ਹਸਪਤਾਲ ਭਗਤਾ ਭਾਈ ਕਾ ਦੀ ਮੈਡੀਕਲ ਟੀਮ ਵੱਲੋਂ ਪੂਰੀ ਸੁਰੱਖਿਆ ਅਤੇ ਮੈਡੀਕਲ ਨਿਯਮਾਂ ਅਨੁਸਾਰ ਖੂਨ ਇਕੱਠਾ ਕੀਤਾ ਗਿਆ। ਕੈਂਪ ਦੌਰਾਨ ਕੁੱਲ 25 ਯੂਨਿਟ ਬਲੱਡ ਇਕੱਠਾ ਹੋਇਆ। ਕੈਂਪ ਵਿਚ ਨੌਜਵਾਨਾਂ ਦੇ ਨਾਲ-ਨਾਲ ਪਿੰਡ ਦੀਆਂ ਮਹਿਲਾਵਾਂ ਨੇ ਵੀ ਵੱਡੇ ਉਤਸ਼ਾਹ ਨਾਲ ਭਾਗ ਲਿਆ। ਮਹਿਲਾਵਾਂ ਦੀ ਇਸ ਭਾਗੀਦਾਰੀ ਨੇ ਸਾਬਤ ਕੀਤਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਵੀ ਸਮਾਜ ਸੇਵਾ ਵਿੱਚ ਅੱਗੇ ਆ ਕੇ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਖੂਨਦਾਨ ਕਰਨ ਵਾਲੇ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿਚ ਸ਼ਾਮਲ ਹੋਏ ਦਾਨੀਆਂ ਲਈ ਰੈਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਧਿਆਨ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੜਕ ਹਾਦਸਿਆਂ, ਅਚਾਨਕ ਬਿਮਾਰੀਆਂ ਜਾਂ ਆਪਰੇਸ਼ਨਾਂ ਦੌਰਾਨ ਬਲੱਡ ਦੀ ਬਹੁਤ ਜ਼ਰੂਰਤ ਪੈਂਦੀ ਹੈ ਅਤੇ ਕਈ ਵਾਰ ਬਲੱਡ ਦੀ ਕਮੀ ਕਾਰਨ ਕੀਮਤੀ ਜਾਨਾਂ ਗੁਆਉਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਵਰਗਾ ਪੁੰਨ ਦਾ ਕੰਮ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਰੂਪ ਹੈ ਅਤੇ ਹਰ ਸਿਹਤਮੰਦ ਵਿਅਕਤੀ ਨੂੰ ਸਮੇਂ-ਸਮੇਂ ‘ਤੇ ਖੂਨਦਾਨ ਕਰਨਾ ਚਾਹੀਦਾ ਹੈ।