ਵਿਦਿਆਰਥੀਆਂ ਨੇ ਐਡਵੈਂਚਰ ਟ੍ਰੈਕਿੰਗ ਕੈਂਪ ’ਚ ਲਿਆ ਹਿੱਸਾ
ਐਸਐਸਡੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਐਡਵੈਂਚਰ ਟ੍ਰੈਕਿੰਗ ਕੈਂਪ ਵਿਚ ਸਰਗਰਮ ਭਾਗੀਦਾਰੀ
Publish Date: Fri, 27 Mar 2026 04:32 PM (IST)
Updated Date: Sat, 28 Mar 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਐਸਐਸਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ (ਬਠਿੰਡਾ) ਦੇ ਵਿਦਿਆਰਥੀਆਂ ਨੇ ਪੰਜ ਦਿਨਾਂ ਦੇ ਐਡਵੈਂਚਰ/ਹਾਈਕਿੰਗ ਟ੍ਰੈਕਿੰਗ ਕੈਂਪ ਵਿਚ ਉਤਸ਼ਾਹਪੂਰਵਕ ਅਤੇ ਸਰਗਰਮ ਭਾਗੀਦਾਰੀ ਦਰਜ ਕਰਵਾਈ। ਇਹ ਕੈਂਪ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ 20 ਮਾਰਚ ਤੋਂ 24 ਮਾਰਚ ਤਕ ਪੱਲਣਪੁਰ (ਐੱਸਏਐੱਸ ਨਗਰ, ਮੋਹਾਲੀ) ਵਿਖੇ ਲਾਇਆ ਗਿਆ। ਕਾਲਜ ਦੇ ਵਾਇਸ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਤੇ ਸਹਾਇਕ ਪ੍ਰੋਫੈਸਰ ਅਸ਼ੋਕ ਸਿੰਘ ਦੀ ਰਹਿਨੁਮਾਈ ਹੇਠ ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਨੇ ਇਸ ਕੈਂਪ ਵਿਚ ਭਾਗ ਲਿਆ। ਭਾਗ ਲੈਣ ਵਾਲੇ ਵਿਦਿਆਰਥੀਆਂ ਵਿਚ ਸੁਖਮੰਦਰ ਸਿੰਘ, ਦੀਪਕ ਕੁਮਾਰ, ਗੋਰਵ, ਪਰਮਜੀਤ ਸਿੰਘ ਤੇ ਕੁਲਦੀਪ ਸ਼ਾਮਲ ਸਨ, ਜਿਨ੍ਹਾਂ ਨੇ ਪੂਰੇ ਜਜ਼ਬੇ ਨਾਲ ਗਤੀਵਿਧੀਆਂ ਵਿਚ ਹਿੱਸਾ ਲਿਆ। ਕੈਂਪ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲਗਭਗ 98 ਵਿਦਿਆਰਥੀਆਂ ਨੇ ਸ਼ਿਵਾਲਿਕ ਪਹਾੜੀ ਲੜੀ ਦੇ ਸੁਹਾਵਣੇ ਮਾਹੌਲ ਵਿਚ ਕਰੀਬ 75 ਕਿਲੋਮੀਟਰ ਦੀ ਹਾਈਕਿੰਗ ਟ੍ਰੈਕਿੰਗ ਸਫਲਤਾਪੂਰਵਕ ਪੂਰੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਵਾਤਾਵਰਨ, ਪਹਾੜੀ ਭੂਗੋਲ ਤੇ ਬਨਸਪਤੀ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ, ਟ੍ਰੈਕਿੰਗ, ਖੇਡ ਗਤੀਵਿਧੀਆਂ, ਕਿੱਟ ਲੇਆਉਟ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਭਾਗ ਲੈ ਕੇ ਵਿਦਿਆਰਥੀਆਂ ਨੇ ਟੀਮ ਵਰਕ, ਅਨੁਸ਼ਾਸਨ, ਧੀਰਜ ਅਤੇ ਆਤਮ-ਵਿਸ਼ਵਾਸ ਵਰਗੇ ਗੁਣਾਂ ਦਾ ਵਿਕਾਸ ਕੀਤਾ। ਕੈਂਪ ਦੇ ਸਮਾਪਤੀ ਮੌਕੇ ਪ੍ਰਮਾਣ ਪੱਤਰ ਵੰਡ ਸਮਾਗਮ ਦੌਰਾਨ ਭਾਗੀਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਕਾਰੀ ਹੁੰਦੀਆਂ ਹਨ। ਸਹਾਇਕ ਪ੍ਰੋਫੈਸਰ ਅਸ਼ੋਕ ਸਿੰਘ ਨੇ ਵੀ ਵਲੰਟੀਅਰਾਂ ਦੇ ਉਤਸ਼ਾਹ ਅਤੇ ਸਮਰਪਣ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਨਿਰਮਾਣਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।