ਐੱਸਸੀਈਆਰਟੀ ਨੇ ਇੰਗਲਿਸ਼ ਏਜ’ ਲਈ ਦਿੱਤੇ ਨਿਰਦੇਸ਼
ਐਸਸੀਈਆਰਟੀ ਨੇ ਇੰਗਲਿਸ਼ ਏਜ’ ਦੇ ਲਈ ਦਿੱਤੇ ਨਿਰਦੇਸ਼
Publish Date: Fri, 27 Mar 2026 04:30 PM (IST)
Updated Date: Sat, 28 Mar 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ, ਪੰਜਾਬ ਨੇ 28 ਮਾਰਚ 2026 ਨੂੰ ਹੋਣ ਵਾਲੀ ਮੈਗਾ ਪੀਟੀਐਮ (ਮਾਪੇ-ਅਧਿਆਪਕ ਮੀਟਿੰਗ) ਦੌਰਾਨ ਮਾਪਿਆਂ ਨੂੰ ਇੰਗਲਿਸ਼ ਏਜ ਪ੍ਰੋਗਰਾਮ ਬਾਰੇ ਜਾਗਰੂਕ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ। ਐੱਸਸੀਈਆਰਟੀ ਡਾਇਰੈਕਟਰ ਕਿਰਨ ਸ਼ਰਮਾ ਦੁਆਰਾ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਭੇਜੇ ਗਏ ਹਨ। ਇਹ ਪ੍ਰੋਗਰਾਮ ਪਹਿਲਾਂ ਹੀ ਸੂਬੇ ਭਰ ਦੇ 500 ਚੁਣੇ ਹੋਏ ਸਕੂਲਾਂ ’ਚ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਜਮਾਤ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਦੇ ਚਾਰ ਮੁੱਖ ਹੁਨਰ–ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ ਨੂੰ ਮਜ਼ਬੂਤ ਕਰਨਾ ਹੈ। ਇਸ ਲਈ “ਰੀਡ ਟੂ ਮੀ” ਐਪ ਤੇ “ਰੀਡਿੰਗ ਐਂਡ ਕੌੰਪ੍ਰਿਹੈਂਸ਼ਨ ਅਸਿਸਟੈਂਟ” ਵਰਗੇ ਡਿਜੀਟਲ ਟੂਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਪੱਤਰ ਵਿਚ ਹੁਕਮ ਦਿੱਤੇ ਗਏ ਹਨ ਕਿ ਮੈਗਾ ਪੀਟੀਐਮ ਦੌਰਾਨ ਸਕੂਲਾਂ ਵਿਚ ਖਾਸ ਹੈਲਪ ਡੈਸਕ ਸਥਾਪਿਤ ਕੀਤਾ ਜਾਵੇ, ਜਿੱਥੇ ਮਾਪਿਆਂ ਨੂੰ ਇਸ ਪ੍ਰੋਗਰਾਮ ਦੀ ਵਰਤੋਂ ਅਤੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਨਾਲ ਹੀ 10-15 ਮਿੰਟ ਦਾ ਛੋਟਾ ਓਰੀਐਂਟੇਸ਼ਨ ਸੈਸ਼ਨ ਵੀ ਕਰਵਾਇਆ ਜਾਵੇਗਾ, ਜਿਸ ਵਿਚ ਅੰਗਰੇਜ਼ੀ ਸੰਚਾਰ ਹੁਨਰ ਦੇ ਮਹੱਤਵ, ਐਪ ਦੀ ਵਰਤੋਂ ਅਤੇ ਬੱਚਿਆਂ ਨੂੰ ਰੋਜ਼ਾਨਾ ਅਭਿਆਸ ਕਰਨ ਲਈ ਪ੍ਰੇਰਿਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਮਾਪਿਆਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਉਹ ਆਪਣੇ ਬੱਚਿਆਂ ਨੂੰ ਹਰ ਰੋਜ਼ ਘੱਟੋ-ਘੱਟ 10-15 ਮਿੰਟ ਐਪ ਦੀ ਵਰਤੋਂ ਲਈ ਪ੍ਰੇਰਿਤ ਕਰਨ। ਇਸਦੇ ਨਾਲ-ਨਾਲ ਜਿਨ੍ਹਾਂ ਵਿਦਿਆਰਥੀਆਂ ਨੇ ਐਪ ਰਾਹੀਂ ਲੈਵਲ ਕੰਪਲੀਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਪੀਟੀਐਮ ਦੌਰਾਨ ਮਾਪਿਆਂ ਦੀ ਹਾਜ਼ਰੀ ਵਿੱਚ ਪ੍ਰਮਾਣ ਪੱਤਰ ਵੰਡਿਆ ਜਾਵੇਗਾ। ਸਬੰਧਤ ਜਮਾਤ ਦੇ ਇੰਚਾਰਜ ਪੀਟੀਐੱਮ ਦੌਰਾਨ ਹਰ ਵਿਦਿਆਰਥੀ ਦੇ ਮਾਪਿਆਂ ਨਾਲ “ਦ ਇੰਗਲਿਸ਼ ਏਜ” ਪ੍ਰੋਗਰਾਮ ਨਾਲ ਜੁੜੀ ਪ੍ਰਗਤੀ ਰਿਪੋਰਟ ‘ਤੇ ਚਰਚਾ ਕਰਨਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਅਤੇ ਅਕੈਡਮਿਕ ਸਹਾਇਤਾ ਸਮੂਹ ਦੀਆਂ ਟੀਮਾਂ ਵੀ ਵੱਖ-ਵੱਖ ਸਕੂਲਾਂ ਦਾ ਦੌਰਾ ਕਰ ਕੇ ਮਾਪਿਆਂ ਨਾਲ ਇਸ ਪ੍ਰੋਗਰਾਮ ਬਾਰੇ ਗੱਲਬਾਤ ਕਰਨਗੀਆਂ। ਐਸਸੀਈਆਰਟੀ ਨੇ ਸਾਰੇ ਸਬੰਧਤ ਅਧਿਕਾਰੀਆਂ ਅਤੇ ਸਕੂਲਾਂ ਨੂੰ ਇਸ ਪ੍ਰੋਗਰਾਮ ਨੂੰ ਬਹੁਤ ਹੀ ਮਹੱਤਵਪੂਰਨ ਮੰਨ ਕੇ ਗੰਭੀਰਤਾ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਮੰਨਿਆ ਕਿ ਇਸ ਪਹਿਲ ਨਾਲ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ‘ਤੇ ਪਕੜ ਮਜ਼ਬੂਤ ਹੋਵੇਗੀ। ਜਿਸ ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਭਵਿੱਖੀ ਮੌਕਿਆਂ ਵਿਚ ਵੀ ਵਾਧਾ ਹੋਵੇਗਾ।