ਕਟਾਰੀਆ ਵੱਲੋਂ ਅੰਗਰੇਜ਼ੀ ਸਾਹਿਤਕ ਮੇਲੇ ਦਾ ਉਦਘਾਟਨ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸੀਯੂ ਪੰਜਾਬ ਦੇ ਸਾਲਾਨਾ ਅੰਗਰੇਜ਼ੀ ਸਾਹਿਤਕ ਮੇਲੇ ਦਾ ਉਦਘਾਟਨ
Publish Date: Thu, 26 Mar 2026 08:47 PM (IST)
Updated Date: Thu, 26 Mar 2026 08:50 PM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਚੌਥੇ ਦੋ-ਰੋਜ਼ਾ ਸਾਲਾਨਾ ਅੰਗਰੇਜ਼ੀ ਸਾਹਿਤਕ ਮੇਲੇ 2026 ਦਾ ਆਨਲਾਈਨ ਮਾਧਿਅਮ ਰਾਹੀਂ ਉਦਘਾਟਨ ਕੀਤਾ। ਇਹ ਸਮਾਗਮ ਸੀਯੂ ਪੰਜਾਬ ਦੇ ਅੰਗਰੇਜ਼ੀ ਵਿਭਾਗ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਰਾਜਪਾਲ ਕਟਾਰੀਆ ਨੇ ਸਾਲ 2009 ਵਿਚ ਸਥਾਪਨਾ ਤੋਂ ਬਾਅਦ ਸੀਯੂ ਪੰਜਾਬ ਦੀ ਸ਼ਾਨਦਾਰ ਤਰੱਕੀ ਦੀ ਪ੍ਰਸ਼ੰਸ਼ਾ ਕਰਦੇ ਹੋਏ ਇਸਦੀ 17 ਸਾਲਾਂ ਦੀ ਯਾਤਰਾ ਨੂੰ ਪ੍ਰੇਰਨਾ ਦਾਇਕ ਦੱਸਿਆ। ਉਨ੍ਹਾਂ ਨੇ ਸਮਾਜ ਨਿਰਮਾਣ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਿਚ ਸਾਹਿਤ ਅਤੇ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਤ ਨਾ ਸਿਰਫ ਸਮਾਜ ਦਾ ਦਰਪਣ ਹੁੰਦਾ ਹੈ, ਸਗੋਂ ਇਸ ਨੂੰ ਦਿਸ਼ਾ ਵੀ ਦਿੰਦਾ ਹੈ। ਉਨ੍ਹਾਂ ਨੇ ਭਾਰਤੀ ਸਾਹਿਤਕ ਪਰੰਪਰਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਾਲਮੀਕਿ ਰਾਮਾਇਣ ਵਰਗੇ ਗ੍ਰੰਥਾਂ ਨੇ ਸਮਾਜ ਨੂੰ ਆਦਰਸ਼ਾਂ ਅਤੇ ਮੁੱਲਾਂ ਦੀ ਸਮਝ ਦਿੱਤੀ ਹੈ। ਕਵੀਆਂ ਅਤੇ ਲੇਖਕਾਂ ਨੇ ਵੱਖ-ਵੱਖ ਸਮਿਆਂ ਵਿਚ ਨੌਜਵਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਉੱਚ ਗੁਣਵੱਤਾ ਵਾਲੇ ਸਾਹਿਤ ਦੀ ਰਚਨਾ ਵਿਚ ਯੋਗਦਾਨ ਪਾਉਣ ਲਈ ਅਪੀਲ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਅਜਿਹੇ ਮੇਲੇ ਰਚਨਾਤਮਿਕਤਾ, ਸੰਸਕ੍ਰਿਤਿਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਰਾਜਪਾਲ ਦਾ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਹੁਨਰ ਵਿਕਾਸ ਉੱਤੇ ਕੇਂਦਰਿਤ ਇਸ ਸਮਾਗਮ ਲਈ ਅੰਗਰੇਜ਼ੀ ਵਿਭਾਗ ਦੀ ਸ਼ਲਾਘਾ ਕੀਤੀ। ਉਦਘਾਟਨੀ ਸੈਸ਼ਨ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਪ੍ਰੋ. ਗੁਰਮੀਤ ਸਿੰਘ ਧਾਲੀਵਾਲ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਵੱਲੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਵਿਸ਼ੇਸ਼ ਮੈਗਜ਼ੀਨ ਦਾ ਵੀ ਲੋਕਾਰਪਣ ਕੀਤਾ ਗਿਆ। ਇਸ ਮੌਕੇ ਪ੍ਰੋ ਵਾਈਸ ਚਾਂਸਲਰ ਪ੍ਰੋ. ਕਿਰਨ ਹਜ਼ਾਰਿਕਾ ਨੇ ਪੰਜਾਬ ਦੇ ਰਾਜਪਾਲ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਮੇਲੇ ਦੀਆਂ ਸਰਗਰਮੀਆਂ ਵਿਚ ਸਰਗਰਮ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਵਿਪਨ ਪਾਲ ਸਿੰਘ ਵੱਲੋਂ ਸਵਾਗਤੀ ਸੰਬੋਧਨ ਅਤੇ ਮੁੱਖ ਮਹਿਮਾਨ ਦੀ ਜਾਣ ਪਛਾਣ ਨਾਲ ਹੋਈ, ਜਦਕਿ ਅਖੀਰ ਵਿਚ ਧੰਨਵਾਦ ਦਾ ਮਤਾ ਪ੍ਰੋਗਰਾਮ ਕੋਆਰਡੀਨੇਟਰ ਡਾ. ਦਿਨੇਸ਼ ਬਾਬੂ ਪੀ. ਅਤੇ ਪ੍ਰੋ. ਸ਼ਾਹਿਲਾ ਜ਼ਫਰ ਵੱਲੋਂ ਪੇਸ਼ ਕੀਤਾ ਗਿਆ।