- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਚੌਰੀਆ ਦੇ ਕਤਲ ਬਾਅਦ ਕੀਤਾ ਸੀ ਉਸਦਾ ਪਿਸਟਲ ਚੋਰੀ,

- 10 ਤੋਲੇ ਸਨੇ ਦੀ ਚੇਨ ਤੇ 5 ਤੋਲੇ ਸੋਨੇ ਦੇ ਕੜੇ ਦਾ ਨਹੀਂ ਲੱਗਾ ਪਤਾ
- ਚੋਰੀ ਕੀਤੇ ਪਿਸਤੌਲ ਨਾਲ ਖੋਹਿਆ ਬੁਲੇਟ ਮੋਟਰਸਾਈਕਲ ਵੀ ਬਰਾਮਦ
- ਮੁਲਜ਼ਮ ਤੋਂ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਪੁੱਛਗਿੱਛ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਦਸੰਬਰ 2025 ਵਿਚ ਸੋਹਾਣਾ ਦੇ ਕਬੱਡੀ ਖੇਡ ਮੇਲੇ ਦੌਰਾਨ ਕੁੰਵਰ ਦਿਗਵਿਜੇ ਸਿੰਘ ਉਰਫ਼ ਰਾਣ ਬਲਾਚੌਰੀਆ ਦੇ ਕਤਲ ਬਾਅਦ ਉਸ ਦਾ ਚੋਰੀ ਹੋਇਆ ਪਿਸਤੌਲ ਬਠਿੰਡਾ ਪੁਲਿਸ ਨੇ ਬਰਾਮਦ ਕਰ ਲਿਆ ਹੈ, ਪਰ ਉਸ ਦੇ ਗਲ ਵਿਚ ਪਾਈ 10 ਤੋਲੇ ਸੋਨੇ ਦੀ ਚੇਨ ਅਤੇ 5 ਤੋਲੇ ਸੋਨੇ ਦਾ ਕੜਾ ਹਾਲੇ ਤਕ ਬਰਾਮਦ ਨਹੀਂ ਹੋ ਸਕਿਆ। ਹਾਲਾਂਕਿ ਪੁਲਿਸ ਨੇ ਕਤਲ ਬਾਅਦ ਜਲਦੀ ਹੀ ਰਾਣਾ ਦਾ ਸਾਮਾਨ ਬਰਾਮਦ ਕਰਨ ਦੇ ਦਾਅਵੇ ਕੀਤੇ ਸਨ, ਪਰ ਹੁਣ ਸਬੱਬ ਨਾਲ ਅਜਿਹਾ ਮੁਲਜ਼ਮ ਪੁਲਿਸ ਦੇ ਧੱਕੇ ਚੜ੍ਹ ਗਿਆ, ਜਿਸ ਨੇ ਰਾਣਾ ਦਾ 40 ਬੋਰ ਪਿਸਤੌਲ ਘਟਨਾ ਸਥਾਨ ਤੋਂ ਚੋਰੀ ਕੀਤਾ ਸੀ। ਮੁਲਜ਼ਮ ਦੀ ਪਛਾਣ ਗੁਰਮੇਲ ਸਿੰਘ ਵਾਸੀ ਪਿੰਡ ਹਮੀਰਗੜ੍ਹ ਵਜੋਂ ਹੋਈ ਹੈ। ਮੁਲਜ਼ਮ ਨੂੰ ਥਾਣਾ ਨੇਹੀਆਂਵਾਲਾ ਪੁਲਿਸ ਨੇ ਉਸ ਸਮੇਂ ਗ੍ਰਿ਼ਫ਼ਤਾਰ ਕੀਤਾ ਸੀ ਜਦੋਂ ਉਸ ਨੇ ਚੋਰੀ ਕੀਤੇ ਉਸੇ ਪਿਸਟਲ ਨਾਲ ਇਕ ਵਿਅਕਤੀ ਤੋਂ ਉਸ ਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹ ਲਿਆ ਸੀ।
ਜਦੋਂ ਪੁਲਿਸ ਨੇ ਬਰਾਮਦ ਹੋਏ ਪਿਸਤੌਲ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਪਤਾ ਲੱਗਾ ਕਿ ਉਕਤ ਪਿਸਤੌਲ ਰਾਣਾ ਦਾ ਹੈ। ਪੁਲਿਸ ਨੇ ਉਸ ਕੋਲੋਂ ਖੋਹਕੀਤਾ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮ ਨੇ ਦੱਸਿਆ ਕਿ ਜਦੋਂ ਰਾਣਾ ਦਾ ਕਤਲ ਹੋਇਆ ਤਾਂ ਉਹ ਅੱਖ ਬਚਾ ਕੇ ਉਸ ਦਾ ਪਿਸਤੌਲ ਚੋਰੀ ਕਰ ਕੇ ਫ਼ਰਾਰ ਹੋ ਗਿਆ ਸੀ। ਡੀਐੱਸਪੀ ਭੁੱਚੋ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਮੇਲ ਸਿੰਘ ਨੂੰ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਗ੍ਰਿਫ਼਼ਤਾਰ ਕੀਤਾ ਸੀ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਮੁਲਜ਼ਮ ਨੇ ਚੋਰੀ ਕੀਤਾ ਬੁਲੇਟ ਮੋਟਰਸਾਈਕਲ ਬਰਾਮਦ ਕਰਵਾਇਆ। ਉਨ੍ਹਾਂ ਦੱਸਿਆ ਕਿ ਦਸੰਬਰ 2025 ਵਿਚ ਸੋਹਣਾ ਦੇ ਖੇਡ ਮੇਲੇ ਦੌਰਾਨ ਰਾਣ ਬਲਾਚੌਰੀਆ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਵਾਰਦਾਤ ਸਮੇਂ ਉਸ ਦਾ ਪਿਸਤੌਲ ਉੱਥੇ ਡਿੱਗ ਲਿਆ ਸੀ, ਜਿੱਥੋਂ ਗੁਰਮੇਲ ਨੇ ਇਸ ਨੂੰ ਚੋਰੀ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪਿਸਤੌਲ ਚੋਰੀ ਹੋਣ ਦੇ ਮਾਮਲੇ ਵਿਚ ਸੋਹਣਾ ਥਾਣੇ ਦੀ ਪੁਲਿਸ ਵਿਚ ਵੀ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਲਜ਼ਮ ਨੇ ਭਗਤਾ ਭਾਈਕਾ ਖੇਤਰ ਵਿਚ ਚੋਰੀ ਦੇ ਇਸ ਪਿਸਤੌਲ ਨਾਲ ਜ਼ਮੀਨੀ ਝਗੜੇ ਵਿਚ ਗੋਲੀਆਂ ਚਲਾਈਆਂ ਸਨ, ਜਿਸ ਸਬੰਧੀ ਵੀ ਉਸ ਖ਼ਿਲਾਫ਼ ਮਾਮਲਾ ਦਰਜ ਹੈ।
ਰਾਣਾ ਬਲਾਚੌਰੀਆ ਦੇ ਕਤਲ ਮੌਕੇ ਉਸਦੇ ਗਲ ਵਿਚ 10 ਤੋਲੇ ਦੀ ਸੋਨੇ ਦੀ ਚੇਨ ਅਤੇ 5 ਤੋਲੇ ਦਾ ਸੋਨੇ ਦਾ ਕੜਾ ਪਾਇਆ ਹੋਇਆ ਸੀ, ਜਿਸ ਨੂੰ ਵੀ ਕਿਸੇ ਨੇ ਚੋਰੀ ਕਰ ਲਿਆ ਸੀ। ਉਸ ਸਮੇਂ ਪ੍ਰਬੰਧਕਾਂ ਨੇ ਸੋਨਾ ਵਾਪਸ ਕਰਨ ਦੀ ਅਪੀਲ ਕੀਤੀ ਸੀ। ਪ੍ਰਬੰਧਕਾਂ ਨੇ ਕਿਹਾ ਸੀ ਕਿ ਉਸ ਬਦਲੇ ਵਿਚ ਉਸ ਵਿਅਕਤੀ ਨੂੰ ਸੋਨੇ ਦੀ ਕੀਮਤ ਦੇ ਬਰਾਬਰ ਪੈਸੇ ਦੇਣ ਲਈ ਤਿਆਰ ਹਨ, ਤਾਂ ਜੋ ਰਾਣਾ ਦੇ ਮਾਪਿਆਂ ਨੂੰ ਉਨ੍ਹਾਂ ਦੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਦਿੱਤੀ ਜਾ ਸਕੇ। ਇਸ ਤੋਂ ਬਾਅਦ ਪੁਲਿਸ ਨੇ ਸਾਮਾਨ ਚੋਰ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣ ਸੋਹਣਾ ਵਿਚ ਕੇਸ ਦਰਜ ਕੀਤਾ ਸੀ। ਹੁਣ ਰਾਣਾ ਬਲਾਚੌਰੀਆ ਦਾ ਵਾਰਦਾਤ ਸਮੇਂ ਚੋਰੀ ਹੋਇਆ 40 ਬੋਰ ਪਿਸਤੌਲ ਤਾਂ ਬਰਾਮਦ ਹੋ ਗਿਆ ਹੈ ਪਰ ਸੋਨੇ ਦੀ ਚੇਨ ਅਤੇ ਕੜੇ ਦਾ ਕੁੱਝ ਪਤਾ ਨਹੀਂ ਲੱਗਾ। ਡੀਐੱਸਪੀ ਭੁੱਚੋ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।