ਸੜਕ ਹਾਦਸੇ ’ਚ ਦੋ ਮੌਤਾਂ, ਚਾਲਕਾਂ ਖ਼ਿਲਾਫ਼ ਕੇਸ ਦਰਜ
ਸੜਕ ਹਾਦਸੇ ਵਿੱਚ ਦੋ ਮੌਤਾਂ, ਚਾਲਕਾਂ ਖਿਲਾਫ ਕੇਸ ਦਰਜ
Publish Date: Thu, 26 Mar 2026 06:26 PM (IST)
Updated Date: Thu, 26 Mar 2026 06:29 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਲੜਕੀ ਅਤੇ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਵ੍ਹੀਕਲਾਂ ਦੇ ਦੋ ਚਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਹਰਜਿੰਦਰ ਸਿੰਘ ਵਾਸੀ ਪਿੰਡ ਕੋਟਸ਼ਮੀਰ ਪੱਤੀ ਬਾਂਦਰ ਨੇ ਦੱਸਿਆ ਕਿ ਉਸ ਦੀ ਬੇਟੀ ਚਰਨਜੀਤ ਕੌਰ 24 ਸਾਲ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਆ ਰਹੀ ਸੀ ਕਿ ਜਦੋਂ ਉਹ ਆਈਟੀਆਈ ਪੁੱਲ ਦੇ ਥੱਲੇ ਪੁੱਜੀ ਤਾਂ ਇਕ ਟਰੱਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਰਨਜੀਤ ਕੌਰ ਦੀ ਮੌਤ ਹੋ ਗਈ। ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਮੱਖਣ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਬਾਬਰ ਅਲੀ ਬਾਸੀ ਹਜੂਰ ਪੀਰ ਮਹੱਲਾ ਤੇਲਪੁਰਾ ਸ਼ੇਖਪੁਰਾ ਕਦੀਮ ਸਹਾਰਨਪੁਰ ਯੂਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤਰ੍ਹਾਂ ਹੀ ਥਾਣਾ ਨਥਾਣਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਾਲਾ ਸਿੰਘ ਵਾਸੀ ਪਿੰਡ ਗਿੱਦੜ ਨੇ ਦੱਸਿਆ ਕਿ ਉਸ ਦੀ ਘਰਵਾਲੀ ਅਮਨਦੀਪ ਕੌਰ 35 ਸਾਲ ਨਥਾਣਾ ਬਾਜ਼ਾਰ ਵਿੱਚ ਕੰਮ ਧੰਦੇ ਦੀ ਆਈ ਸੀ। ਇਸ ਦੌਰਾਨ ਹੀ ਨਿਊ ਮਾਲਵਾ ਬੱਸ ਦੇ ਡਰਾਈਵਰ ਨੇ ਲਾਪ੍ਰਵਾਹੀ ਅਤੇ ਤੇਜ਼ੀ ਨਾਲ ਬੱਸ ਚਲਾਉਂਦੇ ਆ ਉਸ ਦੀ ਘਰਵਾਲੀ ਉੱਪਰ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਨਥਾਣਾ ਦੇ ਐੱਸਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਗੁਰਦੇਵ ਸਿੰਘ ਵਾਸੀ ਪਿੰਡ ਭਗਤਾ ਭਾਈਕਾ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਬਾਅਦ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।