ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 10 ਵਿਅਕਤੀ ਗ੍ਰਿਫ਼ਤਾਰ
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 10 ਵਿਅਕਤੀ ਗ੍ਰਿਫਤਾਰ, 121 ਗ੍ਰਾਮ ਅਤੇ 128 ਨਸ਼ੀਲੀਆਂ ਗੋਲੀਆਂ ਬਰਾਮਦ
Publish Date: Thu, 26 Mar 2026 06:22 PM (IST)
Updated Date: Thu, 26 Mar 2026 06:26 PM (IST)

- 121 ਗ੍ਰਾਮ ਤੇ 128 ਨਸ਼ੇ ਦੀਆਂ ਗੋਲੀਆਂ ਬਰਾਮਦ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਨਸ਼ੀਨੇ ਪਦਾਰਥਾਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 121 ਗ੍ਰਾਮ ਹੈਰੋਇਨ, 45 ਕੈਪਸੂਲ ਅਤੇ 128 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਪਰਸਰਾਮ ਨਗਰ ਵਿੱਚ ਛਾਪੇਮਾਰੀ ਕਰਦਿਆਂ ਜਗਵੀਰ ਸਿੰਘ ਅਤੇ ਪਰਮਜੀਤ ਕੌਰ ਵਾਸੀ ਪਰਸਰਾਮ ਨਗਰ ਨੂੰ ਸੱਤ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਤਰ੍ਹਾਂ ਹੀ ਸੀਆਈਏ ਸਟਾਫ ਦੀ ਪੁਲਿਸ ਨੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਛਾਪੇਮਾਰੀ ਕਰਦਿਆਂ ਨਰਿੰਦਰ ਸਿੰਘ ਨੂੰ 105 ਗ੍ਰਾਮ ਹੈਰੋਇਨ ਅਤੇ 12200 ਰੁਪਏ ਦੀਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਦੋਂਕਿ ਇਸ ਦੌਰਾਨ ਮੁਲਜ਼ਮ ਦਾ ਸਾਥੀ ਸ਼ਮੀ ਠਾਕਰ ਵਾਸੀ ਬਠਿੰਡਾ ਫ਼ਰਾਰ ਹੋਣ ਵਿੱਚ ਸਫਲ ਹੋ ਗਿਆ। ਥਾਣਾ ਫੂਲ ਦੀ ਪੁਲਿਸ ਨੇ ਪਿੰਡ ਹਰਨਾਮ ਸਿੰਘ ਵਾਲਾ ਦੇ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 38 ਨਸ਼ੇ ਦੀਆਂ ਗੋਲੀਆਂ ਪ੍ਰਾਪਤ ਹੋਈਆਂ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਦਲਵਿੰਦਰ ਸਿੰਘ ਵਾਸੀ ਪਿੰਡ ਹਰਨਾਮ ਸਿੰਘ ਵਾਲਾ ਵਜੋਂ ਹੋਈ ਹੈ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਸਟਾਇਲਕੋ ਫੈਕਟਰੀ ਨੇੜੇ ਸ਼ੱਕ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਲਭਪ੍ਰੀਤ ਸਿੰਘ ਵਾਸੀ ਪਿੰਡ ਰਾਮਪੁਰਾ ਵਜੋਂ ਹੋਈ ਹੈ। ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਪਿੱਥੋਂ ਵਿੱਚ ਛਾਪੇਮਾਰੀ ਕਰਦਿਆਂ ਮੁਲਜਮ ਹਰਪਿੰਦਰ ਸਿੰਘ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਬਾਲਿਆਂਵਾਲੀ ਦੀ ਪੁਲਿਸ ਨੇ ਪਿੰਡ ਭੂੰਦੜ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 90 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਵਜੋਂ ਹੋਈ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਕੌਰੇਆਣਾ ਵਿੱਚ ਛਾਪੇਮਾਰੀ ਕਰਦਿਆਂ ਜਸਵਿੰਦਰ ਸਿੰਘ ਨੂੰ 45 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਸ਼ਹਿਰ ਵਿੱਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਬਹਿਮਣ ਜੱਸਾ ਸਿੰਘ ਵਾਲਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।